Thursday, November 13, 2014

ਗ਼ਜ਼ਲ


ਹਮੇਸ਼ਾ ਸੁਪਨਿਆਂ ਵਿਚ ਚਲਦੀਆਂ ਨੇ ਆਰੀਆਂ ਯਾਰਾ
ਦਰੱਖਤਾਂ ਨਾਲ ਫਿਰ ਵੀ ਮੈਂ ਨਿਭਾਵਾਂ ਯਾਰੀਆਂ ਯਾਰਾ..
ਇਹਨਾਂ ਜੀਵਨ ਦੇ ਰੰਗਾਂ ਨੂੰ ਜੋ ਘਸਮੈਲਾ ਬਣਾ ਗਈਆਂ
ਕਿਵੇਂ ਦੱਸ ਮੈਂ ਭੁੱਲਾ ਦੇਵਾਂ ਉਹ ਯਾਦਾਂ ਖਾਰੀਆਂ ਯਾਰਾ
ਅਜੇ ਵੀ ਮਹਿਕ ਦਿੰਦੇ ਨੇ ਜਿਹੜੇ ਅੱਖਰ ਤਰਾਸ਼ੇ ਤੂੰ
ਮੈਂ ਏਸੇ ਲਈ ਉਹ ਸਾਭਾਂਗਾ ਲਿਖਤਾਂ ਸਾਰੀਆਂ ਯਾਰਾ
ਬੜੇ ਰੋਕੇ ਕਦਮ ਮੇਰੇ ਇਹਨਾਂ ਦੁਸ਼ਵਾਰੀਆਂ ਭਾਵੇਂ
ਮੈਂ ਤੁਰਦਾ ਹੀ ਰਿਹਾ ਰੀਤਾਂ ਇਹ ਫਿਰ ਵੀ ਹਾਰੀਆਂ ਯਾਰਾ
ਕਦੇ ਗ਼ਮਗੀਨ ਤੂੰ ਹੋਵੇਂ ਇਹ ਤੱਕਣਾ ਮੈਂ ਨਹੀਂ ਚਾਹੁੰਦਾ
ਤੇਰੀ ਮੁਸਕਾਨ ਦੀ ਖਾਤਿਰ ਮੈਂ ਖੁਸ਼ੀਆਂ ਵਾਰੀਆਂ ਯਾਰਾ
ਨਿਰਾਸੀ ਹੀ ਗੁਜ਼ਰ ਜਾਂਦੀ ਮੇਰੀ ਹਰ ਸ਼ਾਮ ਏਸੇ ਲਈ
ਕਿ ਬਿਨ ਵਸਲਾਂ ਤੋਂ ਹਿਜਰਾਂ ਨੇ ਇਹ ਰਾਤਾਂ ਠਾਰੀਆਂ ਯਾਰਾ
ਨਗਰ ਤੇਰੇ ਦੇ ਲੋਕਾਂ ਨੂੰ ਕਿਵੇਂ ਹਮਵਾਰ ਕਹਿ ਦੇਵਾਂ
ਹਮੇਸ਼ਾ ਬੰਦ ਰੱਖਦੇ ਨੇ ਜੋ ਬੂਹੇ ਬਾਰੀਆਂ ਯਾਰਾ
ਗ਼ਮਾਂ ਦਾ ਭਾਰ ਘਟ ਜਾਂਦਾ ਕੋਈ ਜੇਕਰ ਵੰਡਾ ਲੈਂਦਾ
ਇਕੱਲਾ ਮੈਂ ਰਿਹਾ ਢੋਂਦਾ ਇਹ ਪੰਡਾਂ ਭਾਰੀਆਂ ਯਾਰਾ
ਰੰਗੀਲੇ ਚੌਂਕ ਵਿਚ ਤੇਰਾ ਉਹ ਮਿਲਣਾ ਯਾਦ ਆ ਜਾਂਦਾ
ਤੇਰੇ ਪਿੰਡ ਜਾਂਦੀਆਂ ਤੱਕਾਂ ਜਦੋਂ ਵੀ ਲਾਰੀਆਂ ਯਾਰਾ

(ਬਲਜੀਤ ਪਾਲ ਸਿੰਘ)

1 comment:

ਬਲਜੀਤ ਪਾਲ ਸਿੰਘ said...

ਸ਼ੁਕਰੀਆ ਜਨਾਬ ਜਰੂਰ ਲਿੰਕ ਕਰਾਂਗਾ