Tuesday, January 17, 2012

ਗ਼ਜ਼ਲ

ਖਤਰੇ ਬੜੇ ਨੇ ਮੋਰਚੇ  ਬੰਕਰ ਬਣਾ ਲਈਏ
ਅਪਣੀ ਹਿਫਾਜਤ ਲਈ ਕੋਈ ਖੰਜਰ ਬਣਾ ਲਈਏ

ਮਿਲਣਾ ਨਹੀਂ ਸਕੂਨ ਹੁਣ ਪੂਜਾ ਸਥਾਨ ਤੇ
ਆਪਣੇ ਜਿਹਨ ਵਿਚ ਹੀ ਮੰਦਿਰ ਬਣਾ ਲਈਏ

ਕਿਧਰੇ ਨਹੀਂ ਜੇ ਹੋਰ ਜਾਣਾ  ਕਿਤੇ ਅਸੀਂ
ਘਰ ਨੂੰ  ਹੀ ਇਕ ਦਿਲਕਸ਼ ਜਿਹਾ ਮੰਜ਼ਰ ਬਣਾ ਲਈਏ

ਖਿੜਨੇ ਨਹੀਂ ਏਥੇ  ਕੋਈ ਗੁਲਜ਼ਾਰ ਨਾ ਸਹੀ
ਦਿਲ ਦੀ ਧਰਤ ਨੂੰ ਕਾਸਤੋਂ ਬੰਜਰ ਬਣਾ ਲਈਏ

ਦਿੱਤੀ ਨਾ ਪੇਸ਼ ਜਾਣ ਜਦ ਕਾਲੇ ਹਨੇਰਿਆਂ
 ਜਗਦੀ ਜੋਤ ਇਕ ਆਪਣੇ ਮਨਾ ਅੰਦਰ ਬਣਾ ਲਈਏ
                         (ਬਲਜੀਤ ਪਾਲ ਸਿੰਘ)

Thursday, January 5, 2012

ਗ਼ਜ਼ਲ

ਚੜ੍ਹਿਆ ਸੂਰਜ ਹੋਇਆ ਚਾਨਣ
ਕਿਰਨਾਂ ਵਿਚ ਪਰੋਇਆ ਚਾਨਣ

ਰਾਤ ਹਨੇਰੀ ਖਤਮ ਜਾ ਹੋਈ
ਬੂਹੇ ਆਣ ਖਲੋਇਆ ਚਾਨਣ


ਫੈਲੇ ਵਿੱਦਿਆ ਚਾਨਣ ਹੋਇ
ਅੱਖਰਾਂ ਨਾਲ ਵੀ ਹੋਇਆ ਚਾਨਣ

ਉਸਦੇ ਵਿਹੜੇ ਚਾਨਣ ਖਿੜਨਾ
ਜਿਸ ਰੂਹ ਅੰਦਰ ਬੋਇਆ ਚਾਨਣ

ਜਦ ਅੰਬਰ ਵਿਚ ਬੱਦਲ ਛਾਏ
ਵਿਰਲਾਂ ਥਾਣੀਂ ਚੋਇਆ ਚਾਨਣ

ਸ਼ਹਿਰ ਦਾ ਹਾਕਮ ਨੰਗਾ ਹੋਇਆ
ਜਦ ਵੀ ਓਸ ਲਕੋਇਆ ਚਾਨਣ


ਨ੍ਹੇਰੇ ਕੋਲੋਂ ਕਾਹਤੋਂ ਡਰੀਏ
ਸਾਡੇ ਕੋਲ ਨਰੋਇਆ ਚਾਨਣ

             (ਬਲਜੀਤ ਪਾਲ ਸਿੰਘ)