ਚਾਹੁੰਦਾ ਹਾਂ ਗਜ਼ਲ ਇੱਕ ਸਮਿਆਂ ਦੇ ਬਾਰੇ ਲਿਖ ਦਿਆਂ
ਕੁਝ ਅੱਖਰਾਂ ਨੂੰ ਫੁੱਲ ਲਿਖਾਂ ਤੇ ਕੁਝ ਨੂੰ ਤਾਰੇ ਲਿਖ ਦਿਆ
ਰਿਸ਼ਵਤਾਂ,ਸਿਆਸਤਾਂ,ਸਕੈਂਡਲਾਂ ਦੇ ਦੇਸ਼ ਵਿਚ
ਲੀਡਰਾਂ ਦੇ ਹੁੰਦੇ ਜੋ ਵਾਰੇ ਨਿਆਰੇ ਲਿਖ ਦਿਆਂ
ਹੁੰਦੀਆਂ ਹਰਿਆਲੀਆਂ ਸੀ ਇਹਨਾਂ ਰੁੱਖਾਂ ਤੇ ਕਦੇ
ਵੱਢ-ਟੁਕ ਤੇ ਸਾੜ-ਫੂਕ ਬੰਦੇ ਦੇ ਕਾਰੇ ਲਿਖ ਦਿਆ
ਬਿਲਡਿੰਗਾਂ ਤੇ ਬੰਗਲੇ ਇਹ ਉਚੀਆਂ ਇਮਾਰਤਾਂ
ਇਹਨਾਂ ਤੋਂ ਨੀਵੇਂ ਨੇ ਜੋ ਕੁੱਲੀਆਂ ਤੇ ਢਾਰੇ ਲਿਖ ਦਿਆਂ
ਉਮਰ ਭਰ ਤੁਰਦੇ ਰਹੇ ਭਾਵੇਂ ਸੀ ਜਿਹੜੇ ਨਾਲ ਨਾਲ
ਫਿਰ ਵੀ ‘ਕੱਠੇ ਹੋ ਸਕੇ ਨਾਂ ਦੋ ਕਿਨਾਰੇ ਲਿਖ ਦਿਆਂ
ਰੱਬ ਦੇ ਕਿੰਨੇ ਭਵਨ ਬੰਦੇ ਦੇ ਹੱਥੋਂ ਉਸਰੇ
ਚਰਚ,ਮੰਦਿਰ,ਮਸਜਿਦਾਂ ਮੈਂ ਅੱਜ ਸਾਰੇ ਲਿਖ ਦਿਆਂ
ਪਲ ਰਹੇ ਨੇ ਆਸ਼ਰਮ ਵਿਚ ਅੱਜ ਕਲ੍ਹ ਜਿਹੜੇ ਅਨਾਥ
ਉਹਨਾਂ ਕੋਲੋਂ ਖੁੱਸ ਗਏ ਨੇ ਕਿਉਂ ਸਹਾਰੇ ਲਿਖ ਦਿਆਂ
ਪੰਜ ਸਾਲਾਂ ਬਾਦ ਜਦ ਚੋਣਾਂ ਦਾ ਹੈ ਆਉਂਦਾ ਸਮਾਂ
ਲਾਉਂਦੇ ਲੀਡਰ ਨੇ ਜਿਹੜੇ ਢੇਰਾਂ ਲਾਰੇ ਲਿਖ ਦਿਆਂ
ਸੰਗਤਾਂ ਨੂੰ ਆਖਦੇ ਮੋਹ ਮਾਇਆ ਤੋਂ ਬਚਕੇ ਰਹੋ
ਬਾਬੇ ਜਿਹੜੇ ਮਾਣਦੇ ਐਸ਼ਾਂ ਨਜ਼ਾਰੇ ਲਿਖ ਦਿਆਂ
ਦਿਲ ਦਾ ਮਹਿਰਮ ਜੇ ਕਦੇ ਮਿਲ ਜਾਏ ਤਾਂ ਨਾਮ ਉਸਦੇ
ਅੰਬਰ,ਪ੍ਰਬਤ,ਧਰਤ ਤੇ ,ਸਾਗਰ ਵੀ ਖਾਰੇ ਲਿਖ ਦਿਆਂ
2 comments:
ਬਹੁਤ ਹੀ ਭਾਵਕ ਗਜ਼ਲ ਲਿਖੀ ਹੈ।
ਸੰਗਤਾਂ ਨੂੰ ਆਖਦੇ ਮੋਹ ਮਾਇਆ ਤੋਂ ਬਚਕੇ ਰਹੋ
ਬਾਬੇ ਜਿਹੜੇ ਮਾਣਦੇ ਐਸ਼ਾਂ ਨਜ਼ਾਰੇ ਲਿਖ ਦਿਆਂ.....
ਬਹੁਤ ਜ਼ਰੂਰੀ ਹੈ ਇਹਨਾਂ ਬਾਬਿਆਂ ਦਾ ਪਰਦਾ ਫਾਸ਼ ਕਰਨਾ ਤਾਂ ਕਿ ਸਾਡੀ ਭੋਲ਼ੇ-ਭਾਲ਼ੇ ਲੋਕਾਂ ਨੂੰ ਅਸਲੀ ਚਿਹਰਾ ਵਿਖਾਇਆ ਜਾ ਸਕੇ।
Bilkul sacchi te suchi hakikat bian kardi ik khoobsoorat gazal.
Post a Comment