Tuesday, April 13, 2010

ਗਜ਼ਲ


ਗਰਮ ਰੁੱਤ ਨਾਲ ਆਦਮੀ ਦੇ ਹੁਣ ਯਾਰਾਨੇ ਹੋ ਗਏ
ਪਿਆਰ ਦੇ ਬਹਾਰ ਦੇ ਗੁਜ਼ਰੇ ਜ਼ਮਾਨੇ ਹੋ ਗਏ ।

ਸੱਚ ਦੀ ਦਹਿਲੀਜ਼ ਤੇ ਜਾ ਪੈਰ ਜਿਸ ਵੀ ਰੱਖਿਆ
ਦੁਸ਼ਮਣ ਉਸਦੇ ਆਪਣੇ ਤੇ ਬੇਗਾਨੇ ਹੋ ਗਏ ।

ਕ਼ਤਲ ਹੋਇਆ ਸੜਕ ਉਤੇ ਹਰ ਕਿਸੇ ਨੇ ਦੇਖਿਆ
ਕ਼ਾਤਿਲ ਫਿਰ ਵੀ ਬਚ ਗਏ ਲੱਖਾਂ ਬਹਾਨੇ ਹੋ ਗਏ ।

ਕੈਸੀ ਭਲਾ ਇਹ ਪਾਲਿਸੀ ਲੋਕਾਂ ਦੀ ਸਰਕਾਰ ਦੀ
ਹਰ ਗਲੀ, ਹਰ ਮੋੜ ਤੇ ਸ਼ਰਾਬਖ਼ਾਨੇ ਹੋ ਗਏ ।

ਅਜਨਬੀ ਬਣ ਆਏ ਸੀ ਤੇਰੇ ਇਸ ਸ਼ਹਿਰ ਅੰਦਰ
ਚਿਹਰੇ ਕੁਝ ਕੁ ਫੇਰ ਵੀ ਜਾਨੇ ਪਹਿਚਾਨੇ ਹੋ ਗਏ ।

ਹੁਣ ਦੁਬਾਰਾ ਮਿਲ਼ਣ ਦਾ ਵਾਅਦਾ ਨਾ ਕਰਿਓ ਦੋਸਤੋ!
ਪਹਿਲਾਂ ਹੀ ਕਿੰਨੇ ਵਾਅਦਿਆਂ ਤੋਂ ਬੇਜ਼ੁਬਾਨੇ ਹੋ ਗਏ ।

ਗਜ਼ਲ


ਚਲੋ ਫਾਸਲੇ ਬਣਾਈਏ ਕਿ ਮੋਹ ਹੋ ਨਾ ਜਾਏ।
ਸਭ ਰਿਸ਼ਤੇ ਭੁਲਾਈਏ ਕਿ ਮੋਹ ਹੋ ਨਾ ਜਾਏ ।

ਪੀੜ ਹੋਵੇ ਜੇ ਕਿਸੇ ਨੂੰ ਕੀ ਹੈ ਵਾਸਤਾ ਕਿਸੇ ਨੂੰ
ਖ਼ੁਦਗ਼ਰਜ਼ੀਆਂ ਵਧਾਈਏ ਕਿ ਮੋਹ ਹੋ ਨਾ ਜਾਏ ।

ਆਸੇ ਪਾਸੇ ਕੋਈ ਹੋਵੇ ਜੇ ਲਾਚਾਰ ਬੇਸਹਾਰਾ
ਓਹਨੂੰ ਰਜ ਕੇ ਸਤਾਈਏ ਕਿ ਮੋਹ ਹੋ ਨਾ ਜਾਏ ।

ਹਾਦਸੇ ਅਜੀਬ ਹੁੰਦੇ ਰੋਜ ਮਿਲਦੇ ਜ਼ਖ਼ਮ
ਮਰਹਮ ਨਾ ਲਗਾਈਏ ਕਿ ਮੋਹ ਹੋ ਨਾ ਜਾਏ ।

ਜਿਹੜਾ ਪਿਟਦਾ ਢੰਡੋਰਾ ਸੱਚੀ ਸੁਚੀ ਦੋਸਤੀ ਦਾ
ਉਹਤੋਂ ਕੰਨੀ ਕਤਰਾਈਏ ਕਿ ਮੋਹ ਹੋ ਨਾ ਜਾਏ ।

ਪਾਪ ਜ਼ੁਲਮ ਫਰੇਬ ਜਿੰਨੇ ਮਰਜ਼ੀ ਪਏ ਹੋਣ
ਅੱਖਾਂ ਮੀਟ ਲੰਘ ਜਾਈਏ ਕਿ ਮੋਹ ਹੋ ਨਾ ਜਾਏ ।