ਰੁੱਤ ਕਰੁੱਤੀ ਕਾਸਤੋਂ ਇਹ ਸਾਡੇ ਵਾਰੀ ਹੋ ਗਈ ,
ਭੁੱਲ ਗਈ ਹੈ ਰੀਤ ਸਾਰੀ ਕੀ ਬਿਮਾਰੀ ਹੋ ਗਈ ।
ਉੱਠ ਕੇ ਬਹੁਤੇ ਜਣੇ ਮਹਿਫ਼ਲ ਭਰੀ 'ਚੋਂ ਤੁਰ ਗਏ ,
ਸੱਚ ਹੀ ਜਦ ਬੋਲਿਆ ਮੈਂ ਭੁੱਲ ਭਾਰੀ ਹੋ ਗਈ ।
ਜਦ ਕਚਿਹਰੀ ਵਿੱਚ ਮੈਨੂੰ ਪੇਸ਼ ਫਿਰ ਕੀਤਾ ਗਿਆ ,
ਤਦ ਗਵਾਹਾਂ ਦੀ ਵੀ ਟੋਲੀ ਉਲਟ ਸਾਰੀ ਹੋ ਗਈ ।
ਬਰਫ਼ ਸਾਰੀ ਖੁਰ ਗਈ ਪਾਣੀ ਵੀ ਸਾਰਾ ਵਹਿ ਗਿਆ ,
ਸੁੱਕੀ ਨਦੀ ਉਹ ਫਿਰ ਪਿਆਸੀ ਤਾਂ ਵਿਚਾਰੀ ਹੋ ਗਈ ।
ਸਭ ਤੋਂ ਵਧ ਕੇ ਭਾਰ ਦਿਲ ਤੇ ਦੁੱਖ ਚਿੰਤਾ ਦਾ ਰਿਹਾ ,
ਰਿਸ਼ਤਿਆਂ ਦੀ ਪੈਸਿਆਂ ਦੇ ਨਾਲ ਯਾਰੀ ਹੋ ਗਈ ।
ਹਰ ਸਮੇਂ ਪ੍ਰਦੇਸੀਆਂ ਦੀ ਯਾਦ ਹੁਣ ਆਉਂਦੀ ਰਹੇ,
ਪੰਛੀਆਂ ਦੀ ਜਿਸ ਤਰ੍ਹਾਂ ਲੰਮੀ ਉਡਾਰੀ ਹੋ ਗਈ ।
ਲੱਭਦੇ ਹੋ ਸੁਖ ਸਹੂਲਤ ਏਸ ਥਾਂ ਪਰ ਦੇਖ ਲਓ,
ਕਤਲੋਗਾਰਤ ਵੱਢਾ ਟੁੱਕੀ ਮਾਰੋ ਮਾਰੀ ਹੋ ਗਈ ।
(ਬਲਜੀਤ ਪਾਲ ਸਿੰਘ)