Sunday, January 29, 2023

ਗ਼ਜ਼ਲ


ਹਰ ਮਸਲੇ ਤੇ ਟੰਗ ਅੜਾਉਣੀ ਛੱਡ ਦਿੱਤੀ ਹੈ 

ਪਾਣੀ ਵਿੱਚ ਮਧਾਣੀ ਪਾਉਣੀ ਛੱਡ ਦਿੱਤੀ ਹੈ

 

ਵਧ ਗਈ ਜੁੰਮੇਵਾਰੀ ਐਨੀ ਕਿ ਹੁਣ ਆਪਾਂ 

ਬੱਚਿਆਂ ਵਾਂਗੂੰ ਅੜੀ ਪੁਗਾਉਣੀ ਛੱਡ ਦਿੱਤੀ ਹੈ


ਜਿਸ ਨੇ ਦੇਖ ਕੇ ਮੱਥੇ ਉੱਤੇ ਵੱਟ ਹੈ ਪਾਇਆ

ਉਹਦੇ ਦਰ ਤੇ ਅਲਖ ਜਗਾਉਣੀ ਛੱਡ ਦਿੱਤੀ ਹੈ


ਉੱਚੀ ਥਾਂ ਨਾ ਹੱਥ ਅੱਪੜੇ ਤਾਂ ਥੂਹ ਕੌੜੀ ਕਹਿਕੇ 

ਟੀਸੀ ਉੱਤੇ ਨਜ਼ਰ ਟਿਕਾਉਣੀ ਛੱਡ ਦਿੱਤੀ ਹੈ


ਮਹਿਫ਼ਲ ਵਿੱਚ ਹਰ ਗੱਲ ਉੱਤੇ ਝੂਠੀ ਵਾਹ ਵਾਹ 

ਅੱਜ ਕੱਲ ਕਰਨੀ ਅਤੇ ਕਰਾਉਣੀ ਛੱਡ ਦਿੱਤੀ ਹੈ


ਸੁਣੀ ਸੁਣਾਈ ਗੱਲ ਤੇ ਅਮਲ ਕਰੀਦਾ ਨਾਹੀਂ 

ਖੰਭਾਂ ਦੀ ਹੁਣ ਡਾਰ ਬਣਾਉਣੀ ਛੱਡ ਦਿੱਤੀ ਹੈ


ਬਣ ਕੇ ਜੀਣਾ ਹੈ ਆਪਣੀ ਮਰਜ਼ੀ ਦਾ ਮਾਲਕ 

ਸਭ ਦੀ ਹਾਂ ਵਿੱਚ ਹਾਂ ਮਿਲਾਉਣੀ ਛੱਡ ਦਿੱਤੀ ਹੈ 

(ਬਲਜੀਤ ਪਾਲ ਸਿੰਘ)

Thursday, January 19, 2023

ਗ਼ਜ਼ਲ


ਹੁਨਰ ਇਲਮ ਤੇ ਮਿਹਨਤ ਨੂੰ ਸਤਿਕਾਰ ਬੜਾ ਹੈ

ਹਰ ਕਿਰਤੀ ਕਾਮਾ ਵੀ ਉਮਦਾ ਫ਼ਨਕਾਰ ਬੜਾ ਹੈ 

 

ਪੱਥਰ ਦੇ ਬੁੱਤਾਂ ਨੂੰ ਵੀ ਮੈਂ ਪੂਜ ਲਵਾਂਗਾ ਏਸੇ ਕਰਕੇ

ਮੇਰੇ ਦਿਲ ਵਿੱਚ ਬੁੱਤਘਾੜੇ ਲਈ ਪਿਆਰ ਬੜਾ ਹੈ


ਗ਼ਲਤਫਹਿਮੀਆਂ ਦੁੱਖ ਤਕਲੀਫਾਂ ਆਪਣੀ ਥਾਵੇਂ ਨੇ

ਘਾਟੇ ਨਫਿਆਂ ਦਾ ਵੀ ਹਰ ਕੋਈ ਹੱਕਦਾਰ ਬੜਾ ਹੈ 


ਜਦੋਂ ਬਦਲਦੀਆਂ ਰੁੱਤਾਂ ਕੁਝ ਕਠਨਾਈ ਤਾਂ ਆਉਂਦੀ

ਵਕਤ ਨੂੰ ਐਵੇਂ ਹੀ ਨਾ ਕਹੀਏ ਕਿ ਬਦਕਾਰ ਬੜਾ ਹੈ 


ਜਿੱਥੇ ਰਿਸ਼ਤੇ ਪੈਦਾ ਹੋ ਸੁੱਖੀਂ ਸਾਦੀਂ ਪ੍ਰਵਾਨ ਚੜ੍ਹੇ ਨੇ

ਵੱਡੇ ਕਰਮਾਂ ਭਾਗਾਂ ਵਾਲਾ ਉਹ ਪਰਿਵਾਰ ਬੜਾ ਹੈ 


ਇੱਜ਼ਤ ਸੱਥਾਂ ਪੰਚਾਇਤਾਂ ਵਿੱਚ ਜਾਂਦੀ ਹੈ ਪਰਖੀ 

ਉਂਝ ਤਾਂ ਆਪਣੇ ਘਰ ਹਰ ਬੰਦਾ ਸਰਦਾਰ ਬੜਾ ਹੈ 


ਦੁਨੀਆ ਦੇ ਸਾਰੇ ਕੋਨੇ ਹੀ ਉਸ ਲਈ ਬਿਹਤਰ ਨੇ

ਉੱਚਾ ਸੁੱਚਾ ਤੇ ਸਾਵਾਂ ਜਿਸ ਦਾ ਕਿਰਦਾਰ ਬੜਾ ਹੈ 

(ਬਲਜੀਤ ਪਾਲ ਸਿੰਘ)


Tuesday, January 10, 2023

ਗ਼ਜ਼ਲ

 

ਗਾੜ੍ਹੇ ਮੁੜ੍ਹਕੇ ਨਾਲ ਕਮਾਈ ਦੌਲਤ ਜਾਂਦੀ ਰਹੇ

ਸਾਲਾਂ ਬੱਧੀ ਮਗਰੋਂ ਆਈ ਸ਼ੁਹਰਤ ਜਾਂਦੀ ਰਹੇ


ਉੱਚੀ ਕਰਕੇ ਧੌਣ ਜਿਉਣਾ ਮਕਸਦ ਹੁੰਦਾ ਹੈ 

ਕਿੱਥੇ ਜਾਵੇ ਜਿਸਦੀ ਜੇਕਰ ਗ਼ੈਰਤ ਜਾਂਦੀ ਰਹੇ 


ਬੇ-ਕਦਰੀ ਏਨੀ ਨਾ ਹੋਵੇ ਏਥੇ ਰਿਸ਼ਤਿਆਂ ਦੀ 

ਦੁਨੀਆ ਦੇ ਬਾਜ਼ਾਰ ਵਿੱਚ ਕੀਮਤ ਜਾਂਦੀ ਰਹੇ


ਨੀਵੇਂ ਵਹਿਣਾਂ ਵੱਲ ਵੀ ਕੋਈ ਤੁਰਦਾ ਹੈ ਓਦੋਂ ਹੀ 

ਜਦੋਂ ਉਹਦੇ ਵਿੱਚੋਂ ਸਿਰੜ ਤੇ ਹਿੰਮਤ ਜਾਂਦੀ ਰਹੇ


ਕੀ ਆਖੋਗੇ ਜ਼ਿੰਦਗੀ ਦਾ ਜੇ ਲੁਤਫ਼ ਹੀ ਜਾਂਦਾ ਰਿਹਾ 

ਜੇਕਰ ਚਿਹਰਿਆਂ ਤੋਂ ਰੌਣਕ ਤੇ ਰੰਗਤ ਜਾਂਦੀ ਰਹੇ

(ਬਲਜੀਤ ਪਾਲ ਸਿੰਘ)