Friday, April 22, 2022

ਗ਼ਜ਼ਲ


ਸਭ ਦੀ ਹਾਂ ਵਿੱਚ ਹਾਂ ਮਿਲਾਈ ਜਾਈਏ ਕਾਹਤੋਂ

ਉੱਚੇ ਬੂਹੇ ਉੱਤੇ ਅਲਖ ਜਗਾਈ ਜਾਈਏ ਕਾਹਤੋਂ 


ਅਸੀਂ ਤਾਂ ਨਿੱਤ ਹੀ ਆਪ ਕਮਾ ਕੇ ਖਾਣਾ ਹੁੰਦਾ

ਗੈਰਤ ਆਪਣੀ ਆਪ ਗਵਾਈ ਜਾਈਏ ਕਾਹਤੋਂ


ਕੋਈ ਮਹਿਫ਼ਲ ਛੱਡ ਕੇ ਉੱਠ ਗਿਆ ਅੱਧਵਾਟੇ

ਜਾਣ ਦਿਓ ਫਿਰ ਹੱਥ ਹਿਲਾਈ ਜਾਈਏ ਕਾਹਤੋਂ


ਜਾਣ-ਬੁੱਝ ਕੇ ਜਿਹੜਾ ਨਜ਼ਰਾਂ ਫੇਰ ਗਿਆ ਹੈ

ਉਹਦੇ ਉੱਤੇ ਅੱਖ ਟਿਕਾਈ ਜਾਈਏ ਕਾਹਤੋਂ


ਜੰਗਲ ਬੇਲੇ ਉੱਚੇ ਪਰਬਤ ਸੋਹਣੇ ਲੱਗਦੇ

ਖੇਤਾਂ ਦੀ ਪਰ ਯਾਦ ਭੁਲਾਈ ਜਾਈਏ ਕਾਹਤੋਂ


ਛੂਟਾਂ ਵੱਟੀ ਘੁੰਮ ਰਹੇ ਨੇ ਵੱਗ ਬਾਬਿਆਂ ਦੇ

ਸਭ ਦੀ ਜੈ ਜੈ ਕਾਰ ਕਰਾਈ ਜਾਈਏ ਕਾਹਤੋਂ 


ਬੀਤੇ ਸਮਿਆਂ ਨੇ ਕਦੇ ਵੀ ਮੁੜ ਨਹੀਂ ਆਉਣਾ

ਦਿਲ ਨੂੰ ਸਾੜੀ ਅਤੇ ਸਤਾਈ ਜਾਈਏ ਕਾਹਤੋਂ

(ਬਲਜੀਤ ਪਾਲ ਸਿੰਘ)



ਗ਼ਜ਼ਲ


ਬਦਲਦਾ ਮੌਸਮ ਬੜਾ ਕੁਝ ਕਹਿ ਗਿਆ ਹੈ

ਖ਼ੁਆਬ ਜੋ ਤੱਕਿਆ ਅਧੂਰਾ ਰਹਿ ਗਿਆ ਹੈ


ਚਾਂਭਲੀ ਫਿਰਦੀ ਹੈ ਐਵੇਂ ਪੌਣ ਵੀ

ਨਾਜ਼ ਇਸਦੇ ਹਰ ਬਾਸ਼ਿੰਦਾ ਸਹਿ ਗਿਆ ਹੈ


ਵਸਲ ਦਾ ਵਾਅਦਾ ਨਹੀਂ ਕੀਤਾ ਸਨਮ

ਮਹਿਲ ਰੀਝਾਂ ਮੇਰੀਆਂ ਦਾ ਢਹਿ ਗਿਆ ਹੈ


ਸਾਂਭੀਏ ਏਦਾਂ ਖੁਦੀ ਨੂੰ ਚੇਤਿਆਂ ਵਿੱਚ

ਮੇਰੇ ਹਿਰਦੇ ਵਹਿਮ ਪੱਕਾ ਬਹਿ ਗਿਆ ਹੈ


ਪਲਕਾਂ ਉਤੇ ਠਹਿਰਨਾ ਮੁਮਕਿਨ ਨਹੀਂ ਸੀ

ਤਾਂ ਹੀ ਹੰਝੂ ਅੱਖੀਆਂ ਦਾ ਵਹਿ ਗਿਆ ਹੈ


ਸ਼ਖਸ ਜੋ ਮਾਸੂਮ ਹੁੰਦਾ ਸੀ ਕਦੇ

ਕੌਣ ਹੈ ਜੋ ਪਰਬਤਾਂ ਸੰਗ ਖਹਿ ਗਿਆ ਹੈ 


ਤਪਸ਼ ਐਨੀ ਕਰ ਗਿਆ ਸੂਰਜ ਜਿਵੇਂ

ਢਲਦੇ ਢਲਦੇ ਸ਼ਾਮ ਆਖਿਰ ਲਹਿ ਗਿਆ ਹੈ

(ਬਲਜੀਤ ਪਾਲ ਸਿੰਘ)



Tuesday, April 5, 2022

ਗ਼ਜ਼ਲ


ਕੀ ਕੀ ਕਰਨਾ ਪੈਂਦਾ ਹੈ ਰੁਜ਼ਗਾਰ ਲਈ 

ਹਰ ਦਿਨ ਮਰਨਾ ਪੈਂਦਾ ਹੈ ਰੁਜ਼ਗਾਰ ਲਈ 


ਪ੍ਰਦੇਸਾਂ ਵਿੱਚ ਜਾ ਕੇ ਵੱਸਣਾ ਪੈ ਜਾਂਦਾ

ਸਾਗਰ ਤਰਨਾ ਪੈਂਦਾ ਹੈ ਰੁਜ਼ਗਾਰ ਲਈ


ਪੇਟ ਦੀ ਖਾਤਰ ਮਜ਼ਦੂਰੀ ਦਾ ਕਿੱਤਾ ਵੀ

ਆਖਿਰ ਜਰਨਾ ਪੈਂਦਾ ਹੈ ਰੁਜ਼ਗਾਰ ਲਈ


ਸਾਂਭ ਸਾਂਭ ਕੇ ਰੱਖੀਆਂ ਮਾਂ ਦੀਆਂ ਟੂੰਮਾਂ ਨੂੰ 

ਗਹਿਣੇ ਧਰਨਾ ਪੈਂਦਾ ਹੈ ਰੁਜ਼ਗਾਰ ਲਈ 


ਕਰਨਾ ਪੈਂਦਾ ਕੰਮ ਹੈ ਸਿਖ਼ਰ ਦੁਪਹਿਰੇ ਵੀ

ਰਾਤੀਂ ਠਰਨਾ ਪੈਂਦਾ ਹੈ ਰੁਜ਼ਗਾਰ ਲਈ


ਵੈਸੇ ਹਰ ਕਾਮਾ ਹੀ ਤਾਕਤਵਰ ਹੁੰਦਾ ਹੈ

ਉਸਨੂੰ ਡਰਨਾ ਪੈਂਦਾ ਹੈ ਰੁਜ਼ਗਾਰ ਲਈ


(ਬਲਜੀਤ ਪਾਲ ਸਿੰਘ)