Saturday, March 19, 2022

ਗ਼ਜ਼ਲ


ਜ਼ਮੀਨਾਂ ਸਾਂਭੀਆਂ ਹੁੰਦੀਆਂ ਤੇ ਮਿਹਨਤ ਜੇ ਕਰੀ ਹੁੰਦੀ 

ਨਾ ਹੁੰਦੇ ਖੇਤ ਲਾਵਾਰਿਸ ਕਮਾਈ ਵੀ ਖਰੀ ਹੁੰਦੀ


ਅਗਰ ਖੇਤਾਂ ਦੇ ਵਾਰਿਸ ਜੇ ਕਿਤੇ ਪ੍ਰਦੇਸ ਨਾ ਜਾਂਦੇ

ਤਾਂ ਰਹਿਮਤ ਨਾਲ ਕਿਰਸਾਨਾ ਦੀ ਝੋਲੀ ਵੀ ਭਰੀ ਹੁੰਦੀ


ਨਸ਼ੇ ਦੀ ਆੜ ਵਿੱਚ ਗਭਰੂ ਕਿਤੇ ਕਮਜ਼ੋਰ ਨਾ ਹੁੰਦੇ

ਇਹ ਮਨਮਰਜ਼ੀਆਂ ਕਰਦੀ ਸਿਆਸਤ ਵੀ ਡਰੀ ਹੁੰਦੀ 


ਬੜੇ ਮਾੜੇ ਹਾਲਾਤਾਂ ਚੋਂ ਗੁਜ਼ਰ ਕੇ ਲੋਕ ਜੇ ਲੜਦੇ 

ਬਚਾ ਲੈਂਦੇ ਵਤਨ ਅਪਣਾ ਤਲੀ ਤੇ ਜੇ ਧਰੀ ਹੁੰਦੀਂ


ਸਦਾ ਹੀ ਸੱਚ ਦਾ ਏਹਨੇ ਹਮੇਸ਼ਾ ਸਾਥ ਸੀ ਦੇਣਾ 

ਕਿ ਮੇਰੀ ਆਤਮਾ ਜੇਕਰ ਕਦੇ ਵੀ ਨਾ ਮਰੀ ਹੁੰਦੀ

(ਬਲਜੀਤ ਪਾਲ ਸਿੰਘ)


Monday, March 7, 2022

ਗ਼ਜ਼ਲ


ਦੁਨੀਆ ਵਿੱਚ ਤਰਥੱਲ ਬਥੇਰੀ

ਹਰ ਕੋਈ ਚਾਹੁੰਦਾ ਭੱਲ ਬਥੇਰੀ 


ਕਿੰਨਾ ਕੁਝ ਹੀ ਰੋੜ੍ਹ ਲਿਜਾਵੇ

ਸਾਗਰ ਦੀ ਇੱਕ ਛੱਲ ਬਥੇਰੀ


ਬਹੁਤੇ ਕੂੜ ਗਪੌੜਾਂ ਨਾਲੋਂ

ਇੱਕੋ ਸੱਚੀ ਗੱਲ ਬਥੇਰੀ 


ਹੇਰਾਫੇਰੀ ਬੰਦ ਨਾ ਹੋਵੇ

ਭਾਵੇਂ ਪਾਈ ਠੱਲ ਬਥੇਰੀ 


ਦਫ਼ਤਰ ਥਾਣੇ ਅਤੇ ਕਚਹਿਰੀ

ਲਾਹੁੰਦੇ ਨੇ ਹੁਣ ਖੱਲ ਬਥੇਰੀ


ਥਾਂ ਥਾਂ ਉੱਤੇ ਡੇਰੇ ਖੁੱਲ੍ਹੇ

ਸੰਗਤ ਆਉਂਦੀ ਚੱਲ ਬਥੇਰੀ 


ਮੇਰੀ ਮੇਰੀ ਕਰਕੇ ਸਾਰੇ

ਮਾਰਨ ਵੱਡੀ ਮੱਲ ਬਥੇਰੀ


ਬੰਦਿਆ ਨੇਕੀ ਕਰਿਆ ਕਰ ਤੂੰ

ਦੁਨੀਆ ਤੇਰੇ ਵੱਲ ਬਥੇਰੀ 

(ਬਲਜੀਤ ਪਾਲ ਸਿੰਘ)