ਤਸੀਹੇ ਸਹਿੰਦਿਆਂ ਹੋਇਆਂ ਤਸ਼ੱਦਦ ਜਰਦਿਆਂ ਹੋਇਆਂ
ਅਸੀਂ ਨਫ਼ਰਤ ਮੁਕਾਈ ਹੈ ਮੁਹੱਬਤ ਕਰਦਿਆਂ ਹੋਇਆਂ
ਜੋ ਬਣਦੇ ਤਖ਼ਤ ਦੇ ਮਾਲਕ ਉਹਨਾਂ ਦੀ ਭੁੱਖ ਨਹੀਂ ਮਿਟਦੀ
ਉਹਨਾਂ ਨੇ ਸ਼ਰਮ ਲਾਹੀ ਹੈ ਤਿਜੌਰੀ ਭਰਦਿਆਂ ਹੋਇਆਂ
ਕਦੇ ਤਿੱਖੜ ਦੁਪਹਿਰੇ ਵੀ ਅਸਾਂ ਨੇ ਖੇਤ ਵਾਹੇ ਹਨ
ਕਦੇ ਖੇਤਾਂ ਨੂੰ ਆਪਾਂ ਸਿੰਜਿਆ ਹੈ ਠਰਦਿਆਂ ਹੋਇਆਂ
ਬੜਾ ਗਹਿਰਾ ਸਮੁੰਦਰ ਹੈ ਖਜ਼ਾਨਾ ਬਹੁਤ ਡੂੰਘਾ ਹੈ
ਕਿ ਮਿਲਦੇ ਸਿੱਪੀਆਂ ਘੋਗੇ ਕਿਨਾਰੇ ਤਰਦਿਆਂ ਹੋਇਆਂ
ਕਈ ਤਾਂ ਗੁਰਬਤਾਂ ਅੰਦਰ ਵੀ ਜ਼ਿੰਦਾਬਾਦ ਰਹਿੰਦੇ ਨੇ
ਤੇ ਬਹੁਤੇ ਝੂਰਦੇ ਰਹਿੰਦੇ ਨੇ ਅਕਸਰ ਸਰਦਿਆਂ ਹੋਇਆਂ
ਅਸਾਂ ਨੂੰ ਦੇਖ ਕੇ ਆਰੀ ਕੁਹਾੜੀ ਦਰਦ ਹੁੰਦਾ ਹੈ
ਅਸੀਂ 'ਬਲਜੀਤ' ਪੱਤਾ ਤੋੜਦੇ ਹਾਂ ਡਰਦਿਆਂ ਹੋਇਆਂ
(ਬਲਜੀਤ ਪਾਲ ਸਿੰਘ)