ਪੱਤ ਪੁਰਾਣੇ ਝੜ ਝੜ ਕੇ ਹੀ ਨਵਿਆਂ ਨੂੰ ਥਾਂਵਾਂ ਦਿੰਦੇ ਨੇ
ਆਸਾਂ ਬੜੀਆਂ ਨਵਿਆਂ ਕੋਲੋਂ ਵੱਡੇ ਹੋ ਛਾਵਾਂ ਦਿੰਦੇ ਨੇ
ਸਿਖ ਜਾਂਦੇ ਨੇ ਹੌਲੀ ਹੌਲੀ ਜੀਵਨ ਦੇ ਰੰਗਾਂ ਵਿਚ ਰਚਣਾ
ਜਿੱਦਾਂ ਵੱਡੇ ਪੈੜਾਂ ਪਾ ਕੇ ਨਿੱਕਿਆ ਨੂੰ ਰਾਹਵਾਂ ਦਿੰਦੇ ਨੇ
ਬਹੁਤੇ ਮਿੱਤਰ ਹੁੰਦੇ ਨੇ ਜੋ ਉਤੋਂ ਉਤੋਂ ਮਿੱਤਰ ਜਾਪਣ
ਭਰ ਭਰ ਖਾਰ ਪਰਾਗੇ ਦਿੰਦੇ ਫੁੱਲ ਕੋਈ ਟਾਂਵਾਂ ਦਿੰਦੇ ਨੇ
ਕਿੰਨੇ ਬੇਮੁੱਖ ਹੋਏ ਰਿਸ਼ਤੇ ਇਹ ਕੈਸਾ ਹੁਣ ਦੌਰ ਹੈ ਆਇਆ
ਆਪਣਿਆਂ ਦੀ ਗੱਲ ਕਰੀਏ ਤਾਂ ਹਾਉਕੇ ਤੇ ਹਾਵਾਂ ਦਿੰਦੇ ਨੇ
ਸਦਕੇ ਜਾਈਏ ਰੁੱਖਾਂ,ਨਦੀਆਂ,ਸਾਗਰ ਅਤੇ ਪਹਾੜਾਂ ਉਤੋਂ
ਜੀਣ ਲਈ ਹਿੰਮਤ ਦਿੰਦੇ ਸ਼ੀਤਲ ਸੁਖਮਨ 'ਵਾਵਾਂ ਦਿੰਦੇ ਨੇ
(ਬਲਜੀਤ ਪਾਲ ਸਿੰਘ)