ਪਾਈ ਪਾਈ ਵਾਲਾ,'ਸਾਬ ਨਿਬੇੜ ਦਿਆਂਗੇ।
'ਕੱਠੇ ਹੋ ਜਦ ਉੱਠੇ, ਕਾਂਬਾ ਛੇੜ ਦਿਆਂਗੇ।
ਲੋਕਾਂ ਦੇ ਹੱਕਾਂ ਨੂੰ ਲਤੜੇ-ਗਾ ਜਬਰੀ ਜੋ,
ਉਸ ਦੇ ਬੂਥੇ 'ਤੇ ਜੜ ਇੱਕ ਚਪੇੜ ਦਿਆਂਗੇ।
ਤੇਰੇ ਮਹਿਲਾਂ ਦੇ ਗੁੰਬਦ ਜੋ ਬਹੁਤਾ ਚਮਕਣ,
ਇਹਨਾਂ ਤਾਈਂ ਕਾਲਖ ਪੋਤ ਲਿਬੇੜ ਦਿਆਂਗੇ।
ਗਾਰਦ ਤੇਰੇ ਅੱਗੇ ਪਿੱਛੇ ਘੁੰਮੇ ਜਿਹੜੀ,
ਵਰਤਾਂ-ਗੇ ਹਰ ਹੀਲਾ, ਪੁੱਟ, ਖਦੇੜ ਦਿਆਂਗੇ।
ਸਰਹੱਦਾਂ ਤੋ ਪਾਰ ਅਸਾਡੇ ਭਾਈ ਵੱਸਣ,
ਦੂਰ ਕਰਾਂ-ਗੇ ਦੂਰੀ ਤੇ ਕੁਝ ਨੇੜ ਦਿਆਂਗੇ।
ਦੇਸ਼ ਪੰਜਾਬ ਦੀ ਮਿੱਟੀ ਰੁਲਣ ਸਦਾ ਨਾ ਦੇਣੀ,
ਇਸ ਦੇ ਵੈਰੀ ਦੇ ਸਭ ਪਾਜ ਉਧੇੜ ਦਿਆਂਗੇ।
ਹੋਇਆ ਬਹੁਤ ਪਲੀਤ ਚੁਗਿਰਦਾ ਹੈ ਸਾਡਾ,
ਹੁਣ 'ਬਲਜੀਤ' ਸਮੇਂ ਨੂੰ ਸਿੱਧਾ ਗੇੜ ਦਿਆਂਗੇ
(ਬਲਜੀਤ ਪਾਲ ਸਿੰਘ)