Monday, December 24, 2018

ਗ਼ਜ਼ਲ


ਬੜਾ ਬੇ-ਦਰਦ ਹੈ ਮੌਸਮ ਕਿ ਝੱਖੜ ਆਉਣ ਵਾਲਾ ਹੈ।
ਕੁਈ ਵਹਿਸ਼ੀ,ਫਿਜ਼ਾ ਨੂੰ ਫੇਰ ਤੋਂ ਅੱਗ ਲਾਉਣ ਵਾਲਾ ਹੈ।

ਜ਼ਰਾ ਨਾ ਨੀਂਦ ਪੈਂਦੀ ਸ਼ਹਿਰ ਨੂੰ ਇਹ ਸੋਚ ਕੇ ਅਜਕਲ੍ਹ,

ਕਿ ਖਤਰਾ ਆਤਿਸ਼ਾਂ ਦਾ ਏਸ ਤੇ ਮੰਡਰਾਉਣ ਵਾਲਾ ਹੈ।

ਕਈ ਸਾਧਾਂ ਦੇ ਭੇਖਾਂ ਵਿਚ ਜੋ ਬੈਠੇ ਨੇ ਸਿੰਘਾਸਨ 'ਤੇ,

ਇਹ ਮੌਸਮ ਦੰਗਿਆਂ ਦਾ ਫੇਰ ਅੱਗੇ ਆਉਣ ਵਾਲਾ ਹੈ।

ਅਸੀਂ ਚਾਬੁਕ ਦੁਬਾਰਾ ਸੌਂਪ ਦੇਣੀ ਓਸ ਟੋਲੇ ਨੂੰ,

ਉਹ ਮੁੜ ਕੇ ਏਸ ਨੂੰ ਸਾਡੇ ਤੇ ਹੀ ਅਜਮਾਉਣ ਵਾਲਾ ਹੈ।

ਅਸਾਡੇ ਲੋਕਤੰਤਰ ਦਾ ਨਜ਼ਾਰਾ ਦੇਖਿਓ ਹਾਲੇ

ਕਿ ਹਰ ਵੋਟਰ ਹੀ ਪਾ ਕੇ ਵੋਟ ਫਿਰ ਪਛਤਾਉਣ ਵਾਲਾ ਹੈ।

ਅਸੀਂ ਸਾਊ ਹੀ ਬਹੁਤੇ ਹਾਂ ਜੋ ਪਿੱਛੇ ਲੱਗ ਤੁਰਦੇ ਹਾਂ,

ਅਸਾਡੀ ਸੋਚ ਦਾ ਮਾੜਾ ਨਤੀਜਾ ਆਉਣ ਵਾਲਾ ਹੈ।

ਹਰਿਕ ਬੰਦੇ ਦੇ ਮੋਢੇ ਜਾਲ ਹੱਥ ਵਿਚ ਪੋਟਲੀ ਦਾਣੇ,

ਜੋ ਬੈਠਾ ਰੁੱਖ ਤੇ ਪੰਛੀ ਵੀ ਹੁਣ ਕੁਰਲਾਉਣ ਵਾਲਾ ਹੈ।

ਅਸੀਂ ਤਾਂ ਬੀਜ ਦਿੱਤਾ ਬੀਜ ਕੁਝ ਸਿਦਕੀ ਸੰਘਰਸ਼ਾਂ ਦਾ,

ਨ ਜਾਵੇ ਮਾਰ ਸੋਕਾ ਜਲਦ ਪਾਣੀ ਲਾਉਣ ਵਾਲਾ ਹੈ।

ਰਹੋ ਹੁਣ ਜਾਗਦੇ ਲੋਕੋ ਕਿ ਚੋਣਾਂ ਫੇਰ ਆ ਗਈਆਂ,

ਸ਼ਿਕਾਰੀ ਫੇਰ ਤੋਂ ਇਕ ਵਾਰ ਚੋਗਾ ਪਾਉਣ ਵਾਲਾ ਹੈ।

ਇਹ ਵੱਡੇ ਘਰ ਜੋ ਦਿਸਦੇ ਨੇ ਸੁਨਹਿਰੀ ਧੌਲਰਾਂ ਵਾਲੇ,

ਹੁਣੇ  'ਬਲਜੀਤ' ਇਹਨਾਂ ਸੰਗ ਮੁੜ ਟਕਰਾਉਣ ਵਾਲਾ ਹੈ।
(ਬਲਜੀਤ ਪਾਲ ਸਿੰਘ)

Tuesday, December 11, 2018

ਗ਼ਜ਼ਲ


ਬੜਾ ਖ਼ਤਰਾ ਹੈ ਮਜ਼ਹਬ ਨੂੰ ਸਿਆਸੀ ਖੇਡ ਹੋ ਜਾਏ
ਮਨੁੱਖਤਾ ਨਾਲ ਵੋਟਾਂ ਵਿਚ  ਦੁਬਾਰਾ ਝੇਡ ਹੋ ਜਾਏ

ਕਿ ਦਈਏ ਇਸ ਤਰਾਂ ਦਾ ਛੁਣਛੁਣਾ ਹੁਣ ਵੋਟਰਾਂ ਤਾਈਂ
ਇਹ ਹਰ ਬੰਦਾ ਜੋ ਏਥੇ ਹੈ ਸਿਰਫ ਇਕ ਭੇਡ ਹੋ ਜਾਏ

ਅਸੀਂ ਤਾਂ ਆਪਣੀ ਹੀ ਗੱਲ ਦਾ ਪ੍ਰਚਾਰ ਕਰਨਾ ਹੈ
ਹਰਿਕ ਅਖਬਾਰ ਸਾਡੇ ਦੇਸ਼ ਦਾ ਬਸ ਪੇਡ ਹੋ ਜਾਏ

ਉਹ ਜਿਹੜੇ ਕਹਿ ਰਹੇ ਨੇ ਰੱਬ ਦੇ ਨੇੜੇ ਬੜੇ ਨੇ ਉਹ
ਉਹਨਾਂ ਦੇ ਡੇਰਿਆਂ ਉਤੇ ਵੀ ਹੁਣ ਇਕ ਰੇਡ ਹੋ ਜਾਏ

ਬਣਾ ਦਿੱਤੀ ਗ਼ਲਤ ਤਸਵੀਰ ਉਹਨਾਂ ਬਾਬੇ ਨਾਨਕ ਦੀ 
ਕਿ ਜ਼ਜ਼ਬਾ ਕਿਰਤ ਦਾ ਇਨਸਾਨੀਅਤ ਚੋਂ ਫੇਡ ਹੋ ਜਾਏ

ਬਹਾਰਾਂ ਵਿਚ ਹੀ ਖਿੜਦੇ ਨੇ ਕਈ ਰੰਗਾਂ ਦੇ ਫੁੱਲ ਯਾਰੋ
ਨਹੀਂ ਹੁੰਦਾ ਕਦੇ ਫੁੱਲਾਂ ਦੀ ਇੱਕੋ ਸ਼ੇਡ ਹੋ ਜਾਏ
(ਬਲਜੀਤ ਪਾਲ ਸਿੰਘ)


Tuesday, December 4, 2018

ਗ਼ਜ਼ਲ


ਖਿਡਾਰੀ ਵੱਡੇ ਵੱਡੇ ਵੀ ਤਾਂ ਬਾਜ਼ੀ ਹਾਰ ਜਾਂਦੇ ਨੇ 
ਅਨਾੜੀ ਵੀ ਕਈ ਵਾਰੀ ਤਾਂ ਮੰਜ਼ਿਲ ਮਾਰ ਜਾਂਦੇ ਨੇ

ਬੜੀ ਹੀ ਰਾਤ ਕਾਲੀ ਹੈ ਦਿਖਾਈ ਕੁਝ ਨਹੀਂ ਦਿੰਦਾ
ਕਿ ਜੁਗਨੂੰ ਚੀਰ ਕੇ 'ਨ੍ਹੇਰੇ ਨੂੰ ਬਣ ਦਮਦਾਰ ਜਾਂਦੇ ਨੇ

ਜੋ ਕਹਿੰਦੇ ਪਾ ਦਿਉ ਵੋਟਾ ਅਸੀਂ ਸੇਵਾ ਹੀ ਕਰਨੀ ਹੈ
ਉਹ ਲੀਡਰ ਜਿੱਤ ਕੇ ਚੋਣਾਂ ਤੇ ਠੱਗੀ ਮਾਰ ਜਾਂਦੇ ਨੇ

ਉਹ ਪਰਚਮ ਉੱਚੀਆਂ ਥਾਵਾਂ ਤੇ ਨੇ ਲਹਿਰਾਉਣ ਦੇ ਕਾਬਿਲ 
ਸਫਰ ਦੇ ਪੈਂਡਿਆਂ ਉੱਤੇ ਜੋ ਪੱਬਾਂ ਭਾਰ ਜਾਂਦੇ ਨੇ

ਕਿਨਾਰੇ ਬੈਠ ਰਹੀਏ ਝੂਰਦੇ  ਤਾਂ ਕੁਝ ਨਹੀਂ ਹਾਸਿਲ
ਜੋ ਠਿੱਲਦੇ ਪਾਣੀਆਂ ਅੰਦਰ ਉਹ ਸਾਗਰ ਪਾਰ ਜਾਂਦੇ ਨੇ

ਜਿੰਨਾਂ ਦੇ ਨਾਲ ਫੁੱਲਾਂ ਨੇ ਵਫਾ ਕੀਤੀ ਨਹੀਂ ਹੁੰਦੀ
ਉਹ ਅਕਸਰ ਕੰਡਿਆਂ ਦੇ ਨਾਲ ਵੀ ਕੰਮ ਸਾਰ ਜਾਂਦੇ ਨੇ
(ਬਲਜੀਤ ਪਾਲ ਸਿੰਘ)






Sunday, December 2, 2018

ਗ਼ਜ਼ਲ

ਖ਼ਸਤਾ ਹਾਲਤ ਬਾਗਾਂ ਦੀ ਹੁਣ ਹੋਈ ਹੈ
ਮੁਰਝਾਇਆ ਹਰ ਫੁੱਲ ਕਲੀ ਹਰ ਮੋਈ ਹੈ


ਤਖਤ ਨੂੰ ਏਦਾਂ ਚਿੰਬੜ ਚੁੱਕੇ ਜਰਵਾਣੇ
ਲੰਡਾ ਲੁੱਚਾ ਜੋ ਹੈ ਲੀਡਰ ਸੋਈ ਹੈ


ਜ਼ਰਦ ਰੁੱਤ ਦਾ ਪਹਿਰਾ ਹੈ ਜੂਹਾਂ ਅੰਦਰ
ਦਿਸਦਾ ਹਰਿਆ ਪੱਤਾ ਕੋਈ ਕੋਈ ਹੈ


ਭਗਤ ਪੈਗੰਬਰ ਅਤੇ ਫਕੀਰ ਬੜੇ ਹੋਏ
ਕੂੜ ਦੀ ਫਿਰ ਵੀ ਮਸ਼ਹੂਰੀ ਹੀ ਹੋਈ ਹੈ


ਹਰ ਖੇਤਰ ਨੂੰ ਹੈ ਸਿਆਸਤ ਡੰਗ ਲਿਆ
ਮਾੜੇ ਬੰਦੇ ਦੀ ਰੱਤ ਜਾਂਦੀ ਚੋਈ ਹੈ


ਭਟਕਣ ਤੜਪਣ ਕਲਪਣ ਲੋਕੀਂ ਸਾਰੇ ਹੀ
ਸ਼ਰਮ ਹਯਾ ਦੀ ਸਭ ਨੇ ਲਾਹੀ ਲੋਈ ਹੈ
(ਬਲਜੀਤ ਪਾਲ ਸਿੰਘ)