Saturday, January 20, 2018

ਗ਼ਜ਼ਲ

ਵਾਅਦੇ ਕਰਕੇ ਕਸਮਾਂ ਖਾ ਕੇ ਮੁੱਕਰ ਜਾਨੈਂ,ਚੰਗਾ ਨਹੀਂ
ਦਿਲ ਨੁੰ ਪਿਆਰ ਦਾ ਲਾਂਬੂ ਲਾ ਕੇ ਮੁੱਕਰ ਜਾਨੈਂ,ਚੰਗਾ ਨਹੀਂ


ਤੇਰੀ ਹਰ ਅਦਾ ਤੇ ਯਾਰਾ ਕਿੰਨੇ ਫੁੱਲ ਚੜਾਏ ਲੇਕਿਨ
ਤੂੰ ਸ਼ਬਦਾਂ ਦਾ ਜਾਲ ਵਿਛਾ ਕੇ ਮੁੱਕਰ ਜਾਨੈਂ ,ਚੰਗਾ ਨਹੀਂ


ਮੌਕੇ ਦੀ ਸਰਕਾਰ ਵਾਂਗਰਾਂ ਹੋਇਆ ਲੱਗਦਾ ਤੂੰ ਵੀ ਤਾਂ
ਵੱਡੇ ਵੱਡੇ ਲਾਰੇ ਲਾ ਕੇ ਮੁੱਕਰ ਜਾਨੈਂ,ਚੰਗਾ ਨਹੀਂ


ਆਪਣੇ ਹਿੱਸੇ ਵੀ ਆਵੇਗੀ ਰੁੱਤ ਰੰਗੀਲੀ ਤਾਂ ਆਖਿਰ
ਸੋਨੇ ਰੰਗੇ ਵਰਗੇ ਖਾਬ ਦਿਖਾ ਕੇ ਮੁੱਕਰ ਜਾਨੈਂ,ਚੰਗਾ ਨਹੀਂ


ਕੋਰਾ ਦਰਪਨ ਮੇਰੇ ਮਨ ਦਾ ਫਿਰ ਅਣਦੇਖਾ ਕਰਕੇ
ਗਿਰਗਟ ਵਾਂਗੂੰ ਰੰਗ ਵਟਾ ਕੇ ਮੁੱਕਰ ਜਾਨੈਂ,ਚੰਗਾ ਨਹੀਂ


ਕੀਤੀ ਹੈ ਮੈਂ ਸਦਾ ਹਿਫਾਜ਼ਤ ਹਰ ਰਿਸ਼ਤੇ ਦੀ
ਪਰ ਤੂੰ ਆਪੇਂ ਵੰਡੀਆਂ ਪਾ ਕੇ ਮੁੱਕਰ ਜਾਨੈਂ,ਚੰਗਾ ਨਹੀਂ


ਹਾਮੀ ਭਰਕੇ ਦੂਰ ਦੁਰਾਡੇ ਸਫਰਾਂ ਦੀ ਪਰ
ਅੱਧਵਾਟੇ ਹੀ ਹੱਥ ਛੁਡਾ ਕੇ ਮੁੱਕਰ ਜਾਨੈਂ ,ਚੰਗਾ ਨਹੀਂ

(ਬਲਜੀਤ ਪਾਲ ਸਿੰਘ)

Sunday, January 14, 2018

ਦੋਹੇ

ਬਿਨ ਸਾਜ਼ਾਂ ਤੋਂ ਮਰ ਗਏ ਬਹੁਤੇ ਜੀਵਨ ਗੀਤ
ਮੋਇਆਂ ਨੂੰ ਹੀ ਪੂਜਣਾ ਜੱਗ ਦੀ ਕੇਹੀ ਰੀਤ


ਗਰਮੀ ਸਰਦੀ ਬਾਰਿਸ਼ਾਂ ਮੌਸਮ ਬਦਲੇ ਭੇਸ
ਆਈ ਰੁੱਤ ਬਹਾਰ ਦੀ ਰੰਗਲਾ ਹੋਇਆ ਦੇਸ


ਮੇਵਾ ਹਰ ਇਕ ਰੁੱ`ਤ ਦਾ ਸਮੇਂ ਸਮੇਂ ਦੀ ਬਾਤ
ਛਿਪਣ ਛਿਪਾਈ ਖੇਡਦੇ ਜੀਕਣ ਦਿਨ ਤੇ ਰਾਤ


ਨਮਨ ਕਰਾਂ ਮੈਂ ਓਸਨੁੰ ਜਿਸ ਨੇ ਸਾਜੇ ਖੇਤ
ਕਿਧਰੇ ਨਦੀਆਂ ਵਗਦੀਆਂ ਕਿਤੇ ਥਲਾਂ ਵਿਚ ਰੇਤ


ਜੱਗ ਰੋਵੇ ਜੱਗ ਹੱਸਦਾ ਖੁਸ਼ੀਆਂ ਗਮੀਆਂ ਆਮ
ਕਿਤੇ ਸਵੇਰਾ ਉਗਮਦਾ ਕਿਧਰੇ ਢਲਦੀ ਸ਼ਾਮ


ਦਰਦ ਵਿਛੋੜਾ ਦੇ ਗਏ ਦੇਵੇ ਖੁਸ਼ੀ ਮਿਲਾਪ
ਜਿਹੜਾ ਹੱਥੀਂ ਬੀਜਿਆ ਵੱਢਣਾ ਪੈਣਾ ਆਪ


ਝਗੜਾ ਅੱਲਾ ਰਾਮ ਦਾ ਧਰਮ ਰਚਾਇਆ ਖੇਲ
ਸਾਰੇ ਮਜ੍ਹਬਾਂ ਤੋਂ ਸਹੀ ਰੂਹਾਂ ਵਿਚਲਾ ਮੇਲ


ਬੁਰਿਆਂ ਦੇ ਹੱਥ ਆ ਗਈ ਰਾਜ ਭਾਗ ਦੀ ਡੋਰ
ਲੋਕਾਂ ਰਹਿਣਾ ਸੁੱਤਿਆਂ ਬਹੁਤਾ ਚਿਰ ਨਾ ਹੋਰ

(ਬਲਜੀਤ ਪਾਲ ਸਿੰਘ)

Monday, January 1, 2018

ਗ਼ਜ਼ਲ

ਨਾ ਰਹਿੰਦਾ ਮਸਜਿਦਾਂ ਅੰਦਰ ਨਾ ਦਿੱਸਦਾ ਮੰਦਰਾਂ ਅੰਦਰ
ਮੈਂ ਜਿਸਨੂੰ ਰੱਬ ਕਹਿੰਦਾ ਹਾਂ ਉਹ ਵੱਸਦਾ ਹੈ ਦਿਲਾਂ ਅੰਦਰ


ਉਹ ਸੋਚਾਂ ਫਿਰ ਮੇਰੇ ਜੀਵਨ ਚ ਆ ਕੇ ਪਾਉਂਦੀਆਂ ਖੌਰੂ
ਮੈਂ ਛੱਡ ਆਇਆਂ ਸਾਂ ਜਿੰਨਾਂ ਨੂੰ ਕਦੇ ਮਾਰੂਥਲਾਂ ਅੰਦਰ 


ਇਹਨਾਂ ਲੋਭਾਂ ਤੇ ਗਰਜਾਂ ਦਾ ਸਮੁੰਦਰ ਬਹੁਤ ਡੂੰਘਾ ਹੈ
ਕਿਸੇ ਨੂੰ ਤਾਰ ਦਿੰਦਾ ਹੈ ਕਈ ਡੁੱਬਦੇ ਪਲਾਂ ਅੰਦਰ


ਕਦੇ ਵੀ ਆਸ ਨਾ ਰੱਖਿਓ ਕਿ ਮੈਂ ਗਾਵਾਂਗਾ ਉਹਨਾਂ ਲਈ
ਲਿਆਉਂਦੇ ਨਾਲ ਜੋ ਛੁਰੀਆਂ ਹਮੇਸ਼ਾ ਮਹਿਫਲਾਂ ਅੰਦਰ


ਹਨੇਰਾ ਬਸਤੀਆਂ ਅੰਦਰ ਸਿੰਘਾਸਨ ਦੀ ਸ਼ੈਤਾਨੀ ਹੈ
ਉਹਨੂੰ ਨਹੀਂ ਦਿੱਸ ਰਹੇ ਦੀਵੇ ਜੋ ਜਗਦੇ ਨੇ ਮਨਾਂ ਅੰਦਰ


ਸਦਾ ਕਹਿੰਦੇ ਨੇ ਜਰਵਾਣੇ ਕਿ ਤੈਨੂੰ ਸੇਕ ਲਾਵਾਂਗੇ
ਉਹ ਕੀ ਸਮਝਣ ਮੇਰਾ ਘਰ ਹੈ ਬੜੇ ਤਪਦੇ ਗਰਾਂ ਅੰਦਰ


(ਬਲਜੀਤ ਪਾਲ ਸਿੰਘ )

ਗ਼ਜ਼ਲ

ਹੋਇਆ ਘੁੱਪ ਹਨੇਰਾ ਬਾਬਾ
ਵੈਰੀ ਚਾਰ ਚੁਫੇਰਾ ਬਾਬਾ


ਅੰਨ੍ਹੀ ਪੀਵ੍ਹੇ ਕੁੱਤਾ ਚੱਟੇ
ਰਾਜਾ ਆਪ ਲੁਟੇਰਾ ਬਾਬਾ 


ਝੂਠੇ ਨੂੰ ਝੂਠਾ ਜੋ ਆਖੇ
ਐਨਾ ਕਿਸਦਾ ਜੇਰਾ ਬਾਬਾ?


ਰਿਸ਼ਵਤਖੋਰਾਂ ਤੇ ਠੱਗਾਂ ਨੇ
ਖੂਬ ਵਧਾਇਆ ਘੇਰਾ ਬਾਬਾ 


ਕੀਹਦੀ ਦੱਸ ਇਬਾਦਤ ਕਰੀਏ
ਪੈਰ ਪੈਰ ਤੇ ਡੇਰਾ ਬਾਬਾ


ਏਥੇ ਸਭ ਕੁਝ ਛੱਡ ਜਾਣਾ ਹੈ
ਕੀ ਤੇਰਾ ਕੀ ਮੇਰਾ ਬਾਬਾ


ਏਹ ਦੁਨੀਆਂ ਦੋ ਚਾਰ ਦਿਨਾਂ ਦੀ
ਜੋਗੀ ਵਾਲਾ ਫੇਰਾ ਬਾਬਾ 


(ਬਲਜੀਤ ਪਾਲ ਸਿੰਘ )