Wednesday, January 29, 2014

ਗ਼ਜ਼ਲ

ਚਿਹਰੇ ਉਤੇ ਪੀਲਾਪਨ ਹੈ ਬੁੱਲਾਂ ਉਤੇ ਲਾਲੀ ਹੈ ਨਈਂ
ਮਹਿਕਾਂ ਵੰਡਦਾ ਵਿਹੜਾ ਹੈ ਨੀਂ ਤੇ ਗੁਲਸ਼ਨ ਦਾ ਮਾਲੀ ਹੈ ਨਈਂ

ਭੀੜਾਂ ਵਿਚ ਗੁਆਚੇ ਬੰਦੇ ਲੱਭਦੇ ਫਿਰਨ ਸਕੂਨ ਮਿਲੇ ਨਾ
ਖੇਤਾਂ ਵਿਚ ਕਿਰਸਾਨ ਦਿੱਸੇ ਨਾ ਡੰਗਰਾਂ ਪਿਛੇ ਪਾਲੀ ਹੈ ਨਈਂ

ਨਿੱਤ ਆਵਾਰਾ ਘੁੰਮਦੀ ਫਿਰਦੀ ਏਸ ਹਵਾ ਨੂੰ ਕੀ ਸਮਝਾਈਏ
ਜੋ ਤੇਰੇ ਗਲ ਲੱਗ ਕੇ ਝੂੰਮੇ ਐਸੀ ਕੋਈ ਡਾਲੀ ਹੈ ਨਈਂ

ਖੁਸ਼ੀਆਂ ਖੇੜੇ ਸ਼ੋਖ ਅਦਾਵਾਂ ਖੌਰੇ ਕਿਹੜੇ ਪਾਸੇ ਗਈਆਂ
ਉਦਰੇਵੇਂ ਤਰਸੇਂਵੇਂ ਹੰਝੂ ਕੋਈ ਦਰ ਵੀ ਖਾਲੀ ਹੈ ਨਈਂ

                            (ਬਲਜੀਤ ਪਾਲ ਸਿੰਘ)

Tuesday, January 21, 2014

ਪਾਣੀ

ਕਦੇ ਇਹ ਝੀਲ ਬਣਿਆ ਹੈ ਕਦੇ ਇਹ ਵਹਿ ਰਿਹਾ ਪਾਣੀ
 ਕਿ ਸਦੀਆਂ ਤੋਂ ਹੀ ਏਦਾਂ ਦੀ ਕਹਾਣੀ ਕਹਿ ਰਿਹਾ ਪਾਣੀ

 ਕਦੇ ਉਬਲੇ ਕਦੇ ਜੰਮੇ ਕਦੇ ਇਹ ਬਰਫ ਬਣ ਜਾਵੇ
ਇਹ ਮਾਰਾਂ ਕਿੰਨੀਆਂ ਇਕੋ ਸਮੇਂ ਹੀ  ਸਹਿ ਰਿਹਾ ਪਾਣੀ

ਇਹਦੀ ਇਕ ਬੂੰਦ ਵੀ  ਓਦੋਂ ਕਈ ਲੱਖਾਂ ਦੀ ਹੋ ਜਾਂਦੀ
ਜਦੋਂ ਅੱਥਰੂ ਬਣੇ ਗੱਲ੍ਹਾਂ ਤੋਂ ਹੇਠਾਂ ਲਹਿ ਰਿਹਾ ਪਾਣੀ

ਉਦੋਂ ਇਹ  ਸ਼ੋਰ ਨਈਂ ਕਰਦਾ  ਨਿਰਾ ਸੰਗੀਤ ਲਗਦਾ ਹੈ
ਜਦੋਂ ਪਰਬਤ ਤੋਂ ਲਹਿੰਦਾ ਪੱਥਰਾਂ ਸੰਗ ਖਹਿ ਰਿਹਾ ਪਾਣੀ

                            (ਬਲਜੀਤ ਪਾਲ ਸਿੰਘ)

ਗ਼ਜ਼ਲ

ਦਿਲ ਦਾ ਚੈਨ ਗਵਾਇਆ ਏਦਾਂ
ਰੀਝਾਂ ਨੂੰ ਵਰਚਾਇਆ ਏਦਾਂ

ਹੱਕ ਸੱਚ ਦੀ ਗੱਲ ਜੇ ਕੀਤੀ
ਮੁਨਸਫ ਨੇ ਲਟਕਾਇਆ ਏਦਾਂ

ਔਖੇ ਵੇਲੇ ਲੋੜ ਪਈ ਜਦ
ਮਿੱਤਰਾਂ ਰੰਗ ਵਟਾਇਆ ਏਦਾਂ

ਪੰਛੀ ਸਹਿਮੇ ਦੂਰ ਉਡ ਗਏ
ਬੰਦੇ ਰੌਲਾ ਪਾਇਆ ਏਦਾਂ

ਨੀਵਾਂ ਰਹਿ ਕੇ ਜੀਣਾ ਸਿਖ ਲੈ
ਖੁਦ ਨੂੰ ਵੀ ਸਮਝਾਇਆ ਏਦਾਂ

ਅੱਖ ਖੁੱਲੀ ਫਿਰ ਨੀਂਦ ਨਾ ਆਈ
ਉਹ ਸੁਪਨੇ ਵਿਚ ਆਇਆ ਏਦਾਂ

                  (ਬਲਜੀਤ ਪਾਲ ਸਿੰਘ)