Friday, September 20, 2013

ਗ਼ਜ਼ਲ

ਨਿੱਤ ਡੂੰਘੀਆਂ ਨਦੀਆਂ ਜਿੰਨਾ ਤਰੀਆਂ ਨੇ
ਉਹਨਾ ਕੋਲੋਂ ਸਦਾ ਮੁਸ਼ਕਿਲਾਂ ਡਰੀਆਂ ਨੇ

ਜਦ ਸਕੂਨ ਦੀ ਨੀਂਦ ਪਈ ਫਿਰ ਦੇਖਾਂਗੇ
ਸਾਡੇ ਖਾਬਾਂ ਵਿਚ ਵੀ ਕੁਝ 'ਕੁ ਪਰੀਆਂ ਨੇ

ਕਿੰਨੇ ਝੱਖੜ ਝੁਲਦੇ ਇਹਨੇ ਦੇਖ ਲਏ
ਪੱਤੀਆਂ ਇਸ ਬਿਰਖ ਦੀਆਂ ਤਾਂ ਵੀ ਹਰੀਆਂ ਨੇ

ਆਉ ਕੋਈ ਸਬੂਤ ਦਿਉ ਸ਼ਰਤਾਂ ਜਿੱਤੋ
ਸਾਡੇ ਜਿੰਨੀਆਂ ਪੀੜਾਂ ਜਿਸਨੇ ਜਰੀਆਂ ਨੇ

ਬਰਸਾਤਾਂ ਵਿਚ ਤੁਰਨ ਦੇ ਫਾਇਦੇ ਵੀ ਦੇਖੋ
ਪਤਾ ਨਹੀਂ ਲੱਗਦਾ ਕਿ ਅੱਖੀਆਂ ਭਰੀਆਂ ਨੇ

ਦੁਸ਼ਮਣ ਆਪਣੇ ਛੇਤੀ ਬਹੁਤ ਬਣਾ ਲੈਂਦੇ
ਗੱਲਾਂ ਜਿਹੜੇ ਕਰਦੇ ਖਰੀਆਂ ਖਰੀਆਂ ਨੇ

(ਬਲਜੀਤ ਪਾਲ ਸਿੰਘ)

Tuesday, September 17, 2013

ਗ਼ਜ਼ਲ

ਬਣ ਗਏ ਹਾਂ ਬੰਦੇ ਬੀਬੇ,ਭੁੱਲ ਕੇ ਖਰਮਸਤੀਆਂ
ਦੌਰ ਹੈ ਲਾਚਾਰੀਆਂ ਦਾ, ਲਾਪਤਾ ਨੇ ਮਸਤੀਆਂ

ਆਬ ਸੀ ਏਥੇ ਕਦੇ ਵੀ ,ਕਰ ਰਹੇ ਮੰਜ਼ਿਰ ਬਿਆਨ,
ਫੋਟੋਆਂ ਤੇ ਛਪ ਰਹੇ ਨੇ,ਰੇਤਾ ਟਿੱਬੇ ਕਿਸ਼ਤੀਆਂ

ਏਹ ਜ਼ਮੀਨਾ ਜੋ ਤੁਸਾਂ ਨੇ ਵੇਚ ਦਿੱਤੀਆਂ ਮਹਿੰਗੀਆਂ
ਇਹਨਾਂ ਦੇ ਜੋ ਗਾਹਕ ਨੇ,ਉਹਨਾਂ ਲਈ ਇਹ ਸਸਤੀਆਂ

ਅੰਨੇਵਾਹ ਹੀ ਬਣ ਰਹੇ,ਅਸਮਾਨ ਛੂੰਹਦੇ ਬੰਗਲੇ
ਮਿਟ ਰਹੀਆ ਨੇ ਰੋਜ ਹੀ,ਇਹ ਝੁੱਗੀਆਂ ਤੇ ਬਸਤੀਆਂ

ਨਿੱਤ ਬੌਣਾ ਕਰਦੀਆਂ ਨੇ,ਆਦਮੀ ਦੀ ਸੋਚ ਨੂੰ
ਦਫਤਰਾਂ ਦੇ ਬਾਹਰ ਜੋ ਇਹ ਲਟਕ ਰਹੀਆਂ ਤਖਤੀਆਂ

ਖਾਧੀਆਂ ਕਸਮਾਂ ਜਿੰਨਾ ਕਿ ਬਦਲ ਦੇਈਏ ਸਿਲਸਿਲੇ
ਕਾਫਲੇ ਬਣ ਕੇ ਚਲੋ ਹੁਣ ਲੱਭੀਏ ਉਹ ਹਸਤੀਆਂ

(ਬਲਜੀਤ ਪਾਲ ਸਿੰਘ)