Saturday, November 20, 2010

ਗਜ਼ਲ



  • ਸ਼ਹਿਰ ਜੋ ਉਸਦਾ ਸੀ, ਮੇਰਾ ਕਿਓਂ ਨਹੀਂ ਹੋਇਆ
  • ਸ਼ਾਮ ਢਲੀ,ਰਾਤ ਗਈ, ਸਵੇਰਾ ਕਿਓਂ ਨਹੀਂ ਹੋਇਆ
  •  
  • ਤੁਰਦੇ ਰਹੇ ਬੇਵਜ੍ਹਾ, ਸਮੇਂ ਦੇ ਐਵੇਂ ਨਾਲ ਨਾਲ
  • ਇਹਨੂੰ ਬਦਲਦੇ ਥੋੜਾ, ਜੇਰਾ ਕਿਓਂ ਨਹੀਂ ਹੋਇਆ
  •  
  • ਵਿਹੜੇ ਦੇ ਰੁੱਖ ਦੀਆਂ ਫਿਰ ਉਦਾਸ ਟਹਿਣੀਆਂ
  • ਇਹਨਾਂ ਤੇ ਪੰਛੀਆਂ ਦਾ, ਬਸੇਰਾ ਕਿਓਂ ਨਹੀਂ ਹੋਇਆ
  •  
  • ਤਲੀਆਂ ਤੇ ਟਿਕਾਈ ਫਿਰਦੇ ਹਾਂ, ਕੁਝ ਬਾਲ ਕੇ ਦੀਵੇ
  • ਨਸੀਬਾਂ ਵਿਚ ਇਹਨਾਂ ਦੇ, ਬਨੇਰਾ ਕਿਓਂ ਨਹੀ ਹੋਇਆ
  •  
  • ਇਹ ਜੋ ਭੁੱਲੀ ਭਟਕੀ ਫਿਰਦੀ, ਜਵਾਨੀ ਸੜਕਾਂ ਤੇ
  • ਕਿਤੇ ਸੇਧਾਂ ਜੋ ਦੇ ਦਿੰਦਾ, ਵਡੇਰਾ ਕਿਓਂ ਨਹੀਂ ਹੋਇਆ
  •  
  • ਕਿੰਨੀ ਦੇਰ ਤੋਂ ਕਿਰਤੀ ਨੇ ਥੱਕੇ, ਮਿਹਨਤਾਂ ਕਰਦੇ
  • ਪੱਲੇ ਰਿਜ਼ਕ ਉਹਨਾਂ ਦੇ ,ਬਥੇਰਾ ਕਿਓਂ ਨਹੀਂ ਹੋਇਆ

Tuesday, November 9, 2010

ਗਜ਼ਲ



ਆਓ ਜੇਕਰ ਸੋਚਣਾ ਹੈ, ਰੁੱਖ ਬਾਰੇ ਸੋਚੀਏ
ਚਾਰੇ ਪਾਸੇ ਜੋ ਹੈ ਪਸਰੀ, ਭੁੱਖ ਬਾਰੇ ਸੋਚੀਏ

ਬੱਝਵੀਂ ਰੋਟੀ ਨੂੰ ਜਿੱਥੇ ਸਾਰਾ ਟੱਬਰ ਤਰਸਦਾ
ਉਹਨਾਂ ਠੰਡੇ ਚੁੱਲ੍ਹਿਆਂ ਦੇ ਦੁੱਖ ਬਾਰੇ ਸੋਚੀਏ

ਆਉਣ ਵਾਲੇ ਵਕਤ ਦੀ ਅਨਹੋਣੀ ਨੂੰ ਦੇਖ ਕੇ
ਨਿੱਤ ਜਿਹੜੀ ਕਤਲ ਹੁੰਦੀ ਕੁੱਖ ਬਾਰੇ ਸੋਚੀਏ

ਰਿਜਕ ਖਾਤਰ ਜਿਹੜੇ ਪੁੱਤਰ ਤੁਰ ਗਏ ਪਰਦੇਸ ਵਿਚ
ਮਾਵਾਂ ਪਿੱਛੋਂ ਮੰਗਦੀਆਂ ਉਸ ਸੁੱਖ ਬਾਰੇ ਸੋਚੀਏ

ਰਹਿਣ ਜਾਰੀ ਖੋਜਾਂ, ਕਾਢਾਂ ਤੇ ਮਸ਼ੀਨਾਂ ਨਵੀਆਂ ਹੋਰ
ਪਰ ਜ਼ਰਾ ਕੁਦਰਤ ਅਤੇ ਮਨੁੱਖ ਬਾਰੇ ਸੋਚੀਏ