ਬਲਜੀਤ ਪਾਲ ਸਿੰਘ
ਮੇਰੀਆਂ ਚੋਣਵੀਆਂ ਗ਼ਜ਼ਲਾਂ
Saturday, August 21, 2010
ਗਜ਼ਲ
ਸੱਜੇ ਲੋਕ ਖੱਬੇ ਲੋਕ
ਦੇਖੋ ਫੱਬੇ ਰੱਬੇ ਲੋਕ
ਜੀਹਨੂੰ ਦੇਖੋ ਅੱਖਾਂ ਕੱਢੇ
ਹੋ ਗਏ ਕਿੰਨੇ ਕੱਬੇ ਲੋਕ
ਇਕ ਦੂਜੇ ਦੇ ਪਿਛੇ ਦੌੜਣ
ਰੇਲ ਗੱਡੀ ਦੇ ਡੱਬੇ ਲੋਕ
ਗੱਲ ਕੋਈ ਨਾ ਪੱਲੇ ਪਾਉਂਦੇ
ਮਾਰਨ ਲੱਲੇ ਭੱਬੇ ਲੋਕ
ਸੌ ਲੋਕਾਂ ਨੂੰ ਟੈਸਟ ਕਰੀਏ
ਰੋਗੀ ਅੱਸੀ ਨੱਬੇ ਲੋਕ
ਲੂਣ ਤੇਲ ਪੂਰਾ ਨਾ ਹੋਵੇ
ਮਹਿੰਗਾਈ ਨੇ ਦੱਬੇ ਲੋਕ
Tuesday, August 10, 2010
ਗਜ਼ਲ
ਮੰਜ਼ਿਲ ਨੂੰ ਜਾਣ ਵਾਲੀਆਂ ਰਾਹਵਾਂ ਗੁਆਚੀਆਂ
ਸੀਨੇ ਜੋ ਲਾਉਣ ਐਸੀਆਂ ਬਾਹਵਾਂ ਗੁਆਚੀਆਂ
ਲੋਕਾਂ ਨੇ ਵਸਤਾਂ ਸਾਰੀਆਂ ਵਿਉਪਾਰ ਕੀਤੀਆਂ
ਕੁਦਰਤ ਜੋ ਸੌਪੀਆਂ ਉਹ ਕਲਾਵਾਂ ਗੁਆਚੀਆਂ
ਪੱਥਰ ਦਿਲਾਂ ਚੋਂ’ ਉਪਜਦੇ ਪੱਥਰਾਂ ਜਿਹੇ ਖਿਆਲ
ਰੂਹਾਂ ਨੂੰ ਠੰਡ ਪਾਉਣ ਜੋ ਹਵਾਵਾਂ ਗੁਆਚੀਆਂ
ਜ਼ਖਮਾਂ ਦੇ ਦਰਦ ਵਾਸਤੇ ਕੋਈ ਨਹੀਂ ਦਵਾ
ਮਿਤਰਾਂ ਤੋਂ ਮਿਲਣ ਵਾਲੀਆਂ ਦੁਆਵਾਂ ਗੁਆਚੀਆਂ
ਝੱਲੀ ਹੈ ਮਾਰ ਵਕਤ ਦੀ ਚੁਪ ਚਾਪ ਦੇਖਦੇ
ਬੇਨੂਰ ਚਿਹਰਿਆਂ ਤੋਂ ਅਦਾਵਾਂ ਗੁਆਚੀਆਂ
ਕੋਹਲੂ ਦੇ ਬੈਲ ਵਾਂਗਰਾਂ ਉਹ ਲੋਕ ਰੀਂਗਦੇ
ਜਿੰਨਾਂ ਤੋਂ ਖੇੜੇ ਰੁੱਸ ਗਏ ਇਛਾਵਾਂ ਗੁਆਚੀਆਂ
Tuesday, August 3, 2010
ਗਜ਼ਲ
ਉਹਨੂੰ ਮੇਰੀ ਮੁਹੱਬਤ ਤੇ ਇਤਬਾਰ ਨਹੀਂ ਆਇਆ
ਤਾਹੀਂ ਉਹ ਕਦੇ ਮੁੜਕੇ ਦਿਲਦਾਰ ਨਹੀਂ ਆਇਆ
ਦਿਲ ਦੀ ਗੱਲ ਜਿਸਨੂੰ ਮੈਂ ਬੇਝਿਜਕ ਸੁਣਾ ਲੈਂਦਾ
ਜੀਵਨ ਵਿਚ ਐਸਾ ਕੋਈ ਕਿਰਦਾਰ ਨਹੀਂ ਆਇਆ
ਭਰਿਆ ਹੈ ਦੁਕਾਨਾਂ ਵਿਚ ਬੇਕਾਰ ਜਿਹਾ ਸਾਮਾਨ
ਜਿਥੋਂ ਮਿਲ ਜੇ ਸਕੂਨ ਕਿਤੇ, ਬਾਜ਼ਾਰ ਨਹੀਂ ਆਇਆ
ਉਮਰਾਂ ਭਰ ਤੁਰਦੇ ਰਹੇ ਕੰਡਿਆਲੇ ਰਾਹਾਂ ਤੇ
ਇਹਨਾਂ ਰਾਹਾਂ ਤੇ ਚਲਦੇ ਕੋਈ ਗੁਲਜ਼ਾਰ ਨਹੀਂ ਆਇਆ
ਇੱਕ ਕਾਲੀ ਘਟਾਅ ਆਈ ਪਰ ਮੁੜ ਗਈ ਬਿਨਾਂ ਬਰਸੇ
ਬੱਦਲ ਜੋ ਰੂਹਾਂ ਠਾਰੇ, ਇਕ ਵਾਰ ਨਹੀਂ ਆਇਆ
ਆਖਿਰ ਕੋਈ ਬਦਲੇਗਾ ਇਸ ਸ਼ਾਸ਼ਨ ਦਾ ਚਿਹਰਾ
ਚਿਰ ਤੋਂ ਕੋਈ ਭਗਤ ਸਿੰਹੁੰ ਸਰਦਾਰ ਨਹੀਂ ਆਇਆ
Newer Posts
Older Posts
Home
Subscribe to:
Posts (Atom)