Sunday, May 23, 2010

ਗਜ਼ਲ

ਪੱਕਿਆ ਬੀਜ ਹਾਂ ਧਰਤ ਤੇ ਬਿਖਰ ਜਾਵਾਂਗਾ
ਰੁੱਤ ਬਹਾਰ ਦੀ ਆਈ ਫਿਰ ਪੁੰਗਰ ਆਵਾਂਗਾ ।

ਮੇਰੀ ਤਸਵੀਰ ਧੁੰਦਲੀ ਨੂੰ ਹਮੇਸ਼ਾ ਦੇਖਦੇ ਰਹਿਣਾ
ਜਰੂਰ ਇਕ ਨਾ ਇਕ ਦਿਨ ਮੈਂ ਨਿਖਰ ਆਵਾਂਗਾ ।

ਸਿਰਫ ਥੋਡੇ ਜੋਗਾ ਹਾਂ ਨਾ ਮੈਥੋਂ ਫਾਸਲੇ ਰੱਖੋ
ਥੱਕ ਹਾਰ ਕੇ ਵੀ ਮੈਂ ਤਾਂ ਬਸ ਇਧਰ ਆਵਾਂਗਾ ।

ਨੀਂਦ ਰਾਤ ਨੂੰ ਨਾ ਆਵੇ ਜਰਾ ਤੱਕਿਓ ਉਤਾਂਹ
ਝਿਲਮਿਲ ਤਾਰਿਆਂ ਦੇ ਵਿਚ ਵੀ ਨਜ਼ਰ ਆਵਾਂਗਾ ।

ਅੱਖ ਥੋਡੀ ਨਮ ਹੋਏ ਬਿਨਾਂ ਰਹਿ ਨਾ ਸਕਣੀ
ਯਾਦ ਤਨਹਾਈਆਂ ਵਿਚ ਇਸ ਕਦਰ ਆਵਾਂਗਾ ।

ਇਹ ਜੋ ਬਦੀਆਂ ਦੇ ਸਿਲਸਿਲੇ ਵਧ ਗਏ ਏਥੇ
ਇਹਨਾਂ ਲੱਭਣਾ ਨਹੀਂ ਬਣ ਗਦਰ ਆਵਾਂਗਾ ।

Monday, May 10, 2010

ਗਜ਼ਲ

ਪੱਤਝੜਾਂ ਵਿਚ ਤਿਨਕੇ ਲੱਭਣੇ ਮੁਸ਼ਕਿਲ ਨਹੀਂ ਹੁੰਦੇ
ਸਿਖਰ ਧੁੱਪਾਂ ਦੇ ਰਾਹੀ ਕਦੇ ਕਮਦਿਲ ਨਹੀਂ ਹੁੰਦੇ

ਬਹੁਤੀ ਵਾਰੀ ਕਈ ਹੋਰ ਸਿਤਮ ਵੀ ਮਾਰ ਜਾਂਦੇ ਨੇ
ਚਾਕੂ,ਛੁਰੀ,ਬੰਦੂਕ ਸਿਰਫ ਕਾਤਿਲ ਨਹੀਂ ਹੁੰਦੇ

ਆਦਮੀ ਤੋਂ ਬਣਨਾ ਪੈਂਦਾ ਗੌਤਮ ਰਿਸ਼ੀ ਮੁਨੀਂ
ਬਜ਼ਾਰਾਂ ਵਿਚ ਸਕੂਨ ਜਦੋਂ ਹਾਸਿਲ ਨਹੀਂ ਹੁੰਦੇ

ਚੰਗੇ ਲੱਗਣ ਸਾਨੂੰ ਬ੍ਰਿਖ ਪਰਿੰਦੇ ਫੇਰ ਵੀ
ਭਾਵੇਂ ਸਾਡੇ ਦੁੱਖਾਂ ਵਿਚ ਇਹ ਸ਼ਾਮਿਲ ਨਹੀਂ ਹੁੰਦੇ

ਸਿਰਫ ਬਹਾਰਾਂ ਮਾਣਨਾ ਹੈ ਆਰਜ਼ੂ ਜਿਸ ਦੀ
ਚੋਟ ਸਹਿਣ ਦੇ ਉਹ ਕਦੇ ਕਾਬਿਲ ਨਹੀਂ ਹੁੰਦੇ

ਸਿਰਫ ਪੈਡਿਆਂ ਖਾਤਿਰ ਤੁਰਨਾ ਪੈ ਜਾਂਦਾ
ਰਸਤੇ ਤਾਂ ਰਸਤੇ ਹੁੰਦੇ ਮੰਜ਼ਿਲ ਨਹੀਂ ਹੁੰਦੇ

Thursday, May 6, 2010

ਗਜ਼ਲ

ਹਾਦਸਿਆਂ ਦੇ ਬਾਵਜ਼ੂਦ ਅਸੀਂ ਝੁਕੇ ਨਹੀਂ
ਜਦ ਰਸਤੇ ਰੋਕੇ ਤੂਫਾਨਾਂ ਅਸੀਂ ਰੁਕੇ ਨਹੀਂ

ਭਾਵੇਂ ਝੜ ਹੀ ਜਾਂਦੇ ਪੀਲੇ ਜ਼ਰਦ ਪੱਤੇ
ਬਹਾਰਾਂ ਵਾਲੀ ਆਮਦ ਦੇ ਕਿੱਸੇ ਮੁੱਕੇ ਨਹੀਂ

ਤੁਸੀਂ ਕੌਣ ਹੋ ਸਾਡੇ ਫੈਸਲੇ ਕਰਨ ਵਾਲੇ
ਜੁਰਮ ਤੁਹਾਡੇ ਸਾਡੇ ਕੋਲੋਂ ਲੁਕੇ ਨਹੀਂ

ਅਸੀਂ ਤੁਹਾਡੀ ਹਰ ਸੌਗਾਤ ਸੰਭਾਲੀ ਹੈ
ਅੱਖੀਆਂ ਦੇ ਵਿਚ ਹੰਝੂ ਕਦੇ ਸੁੱਕੇ ਨਹੀਂ

ਵਕਤ ਹੈ ਹਰਿਆਲੀ ਨੂੰ ਅਜੇ ਵੀ ਸਾਂਭ ਲਵੋ
ਮੇਰੇ ਮਸ਼ਵਰੇ ਫਜ਼ੂਲ ਅਤੇ ਬੇਤੁਕੇ ਨਹੀਂ

ਮੁੜਕਾ ਵਗੇ ਕਿਸਾਨਾਂ ਅਤੇ ਮਜ਼ਦੂਰਾਂ ਦਾ
ਸ਼ਾਹੂਕਾਰ ਦੇ ਕਰਜ਼ੇ ਫਿਰ ਵੀ ਚੁਕੇ ਨਹੀਂ

ਜਿੰਨਾਂ ਖਾਤਿਰ ਦਰਦ ਬੜਾ ਹੀ ਢੋਇਆ ਹੈ
ਜਦ ਵੀ ਭੀੜ ਬਣੀ ਉਹ ਨੇੜੇ ਢੁਕੇ ਨਹੀਂ