Friday, December 25, 2009

ਗਜ਼ਲ




ਬੇਰਹਿਮ ਕੋਝੇ ਮੌਸਮਾਂ ਦਾ ਕਰੋ ਜਿਕਰ ਕੋਈ
ਬਿਰਖਾਂ ਅਤੇ ਪਰਿੰਦਿਆਂ ਦਾ ਕਰੋ ਫਿਕਰ ਕੋਈ

ਕਾਇਨਾਤ ਦੇ ਵਡਮੁੱਲੇ ਤੋਹਫੇ ਬਚਾ ਲਈਏ
ਸਾਰੇ ਲਾਈਏ ਜਿਸ ਵਿਚ ਵੀ ਹੈ ਹੁਨਰ ਕੋਈ ।

ਖੜ ਖੜ ਦਾ ਸ਼ੋਰ ਅਤੇ ਲਕੀਰ ਧੂੰਏ ਦੀ ਦੇਖੋ
ਲੋਹੇ ਦੀਆਂ ਮਸ਼ੀਨਾਂ ਤੋਂ ਬਚਿਆ ਨਹੀਂ ਨਗਰ ਕੋਈ ।

ਲੰਮੀਆਂ ਇਹ ਪਟੜੀਆਂ ਤੇ ਚੌੜੀਆਂ ਸੜਕਾਂ
ਫਿਰ ਵੀ ਨਹੀਂ ਹਾਦਸੇ ਤੋਂ ਬਿਨਾਂ ਸਫਰ ਕੋਈ ।

ਫੈਲ ਰਹੀਆਂ ਸ਼ਹਿਰਾਂ ਤੋਂ ਬਾਹਰ ਬਸਤੀਆਂ
ਦਾਅਵਾ ਅਜੇ ਤੱਕ ਨਹੀਂ,ਕਿ ਨਹੀਂ ਬੇਘਰ ਕੋਈ ।

ਇਕ ਆਸ ਹੈ ਅੱਜ ਵੀ ਮਰੁੰਡੇ ਰੁੱਖ ਉਪਰ
ਫੁੱਟੇਗੀ ਹਰੀ ਕਚੂਰ ਇਕ ਦਿਨ ਲਗਰ ਕੋਈ ।

Tuesday, December 8, 2009

ਗਜ਼ਲ

ਲੋਕ ਏਥੇ ਆ ਗਏ ਹੁਣ ਓਪਰੇ
ਚੱਲ ਚੱਲੀਏ ਏਥੋਂ ਥੋੜਾ ਕੁ ਪਰੇ

ਬੰਦੇ ਤੋਂ ਬੰਦੇ ਦਾ ਪਾੜਾ ਵਧ ਗਿਆ
ਹੁੰਦੇ ਨੇ ਹਰ ਮੋੜ ਉਤੇ ਵਿਤਕਰੇ

ਲੜਦੇ,ਖਹਿਬੜਦੇ ਤੇ ਮਾਰਦੇ ਨੇ
ਲੋਕ ਕਿੰਨੇ ਹੋ ਗਏ ਨੇ ਸਿਰਫਿਰੇ

ਸੁੱਖ ਮੰਗੇ ਆਪਣੇ ਪ੍ਰੀਵਾਰ ਦੀ
ਬੇਬੇ ਚਿੜੀਆਂ ਵਾਸਤੇ ਚੋਗਾ ਧਰੇ

ਪੁੱਤ ਪੌਂਡਾਂ ਡਾਲਰਾਂ ਦੀ ਭਾਲ ਵਿਚ
ਮਾਪੇ ਵਿਚਾਰੇ ਭਾਲਦੇ ਨੇ ਆਸਰੇ

ਵਸਤਰ ਜਿੰਨਾਂ ਨੇ ਪਹਿਨੇ ਕੱਚ ਦੇ
ਉਹ ਅੱਜ ਵੀ ਮਰੇ, ਕੱਲ ਵੀ ਮਰੇ

ਪੰਛੀਆਂ ਦੇ ਬੋਟ ਕਿਥੇ ਰਹਿਣਗੇ
ਆਲ੍ਹਣੇ ਥਾਂ ਦਿੱਸਦੇ ਨੇ ਪਿੰਜਰੇ

ਹੱਦ ਟੱਪ ਗਈਆਂ ਬੇਇਨਸਾਫੀਆਂ
ਠੱਲੇ ਇਹਨਾਂ ਨੂੰ ਕੋਈ ਤਾਂ ਨਿੱਤਰੇ

ਬੋਲਬਾਲਾ ਝੂਠ ਦਾ ਸਾਰੀ ਜਗ੍ਹਾ
ਸੱਚ ਦੀ ਗਵਾਹੀ ਵਿਰਲਾ ਹੀ ਭਰੇ

ਕਾਲੇ ਪਾਣੀ ਕਈਆਂ ਜੀਵਨ ਗਾਲਿਆ
ਬੈਠੇ ਰਹੇ ਕੁਝ ਲੋਕ ਉਦੋਂ ਵੀ ਘਰੇ