ਬਾਹਰਲੀ ਧੁੱਪ ਦਾ ਸੇਕ ਨਹੀਂ ਅੰਦਰਲੀ ਅੱਗ ਸਤਾਉਂਦੀ ਹੈ।
ਦਿਸਦੇ ਹਾਂ ਬਾਹਰੋਂ ਸ਼ਾਂਤ ਅੰਦਰ ਰੋਜ਼ ਸੁਨਾਮੀ ਆਉਂਦੀ ਹੈ।
ਕਦੇ ਕਦੇ ਹੀ ਹੁੰਦਾ ਹੈ ਦਿਲ ਠੰਢਾ ਸ਼ੀਤ ਸਮੁੰਦਰ ਜਿਉਂ
ਬਹੁਤਾ ਸਮਾਂ ਚਾਰੇ ਪਾਸੇ ਗਮ ਦੀ ਬੱਦਲੀ ਮੰਡਰਾਉਂਦੀ ਹੈ।
ਉਹਦੇ ਸ਼ਹਿਰ ਦਾ ਨਾ ਸੁਣ ਕੇ ਦਿਲ ਅੱਜ ਵੀ ਕੰਬ ਜਾਂਦਾ
ਗੁਜਰੇ ਸਮੇ ਦੀ ਯਾਦ ਕੋਈ ਜਦ ਮੂਹਰੇ ਆਣ ਖਲੋਂਦੀ ਹੈ।
ਜੁਦਾਈ ਦੇ ਜ਼ਹਿਰ ਦਾ ਅਸਰ ਕਦੇ ਮਿਟਣਾ ਨਹੀਂ ਯਾਰੋ
ਉਂਜ ਤਾਂ ਮੇਰੀ ਅੱਖ ਹਰ ਵੇਲੇ ਦਾਗ਼ ਹਿਜਰ ਦਾ ਧੋਂਦੀ ਹੈ।
ਹਵਾ ਵਿੱਚ ਸੰਗੀਤ ਨਹੀਂ ਹੁਣ ਬਾਂਸਰੀ ਦੀ ਕੂਕ ਜਿਹਾ
ਰੋਜ ਸਵੇਰੇ ਕੋਈ ਚੰਦਰੀ ਜੇਹੀ ਖ਼ਬਰ ਜਗਾਉਂਦੀ ਹੈ।
ਛੱਡ ਦਿਆਂਗੇ ਸਭ ਉਮੀਦਾਂ ਸੱਜਣਾ ਤੇਰੇ ਆਉਣ ਦੀਆਂ
ਅਜੇ ਵੀ ਕੋਈ ਦਸਤਕ ਤੇਰੇ ਆਉਣ ਦਾ ਲਾਰਾ ਲਾਉਂਦੀ ਹੈ।
ਸਾਉਣ ਦੀ ਕਿਣ ਮਿਣ ਜਾਂ ਫੱਗਣ ਦੀ ਫੁੱਲਾਂ ਭਰੀ ਚੰਗੇਰ
ਉਹਦੇ ਬਿਨ ਹਰ ਰੁੱਤ ਉੱਪਰੀ ਨਰਕ ਭੁਲੇਖਾ ਪਾਉਂਦੀ ਹੈ।