Monday, July 20, 2009

ਗ਼ਜ਼ਲ

ਛਾਵਾਂ ਦੇ ਬਦਲੇ ਧੁੱਪ ਨੂੰ ਸਾਥੀ ਬਣਾ ਲਿਆ ਹੈ।
ਤਪਦੇ ਤੰਦੂਰ ਵਾਂਗ ਖੁਦ ਨੂੰ ਤਪਾ ਲਿਆ ਹੈ।

ਮਿਲਿਆ ਨਾ ਗੁਲਦਸਤਾ ਹਿੰਮਤ ਨਾ ਹਾਰੀ ਫਿਰ ਵੀ
ਕਮਰਾ ਇਹ ਨਾਲ ਕੰਡਿਆਂ ਅਸਾਂ ਸਜਾ ਲਿਆ ਹੈ।

ਉਹਨੂੰ ਪਾਉਣ ਦੀ ਤਮੰਨਾ ਭਾਰੂ ਰਹੀ ਉਮਰ ਭਰ
ਮਿਲਿਆ ਸੀ ਕੀਮਤੀ ਜੋ ਇਹ ਜਨਮ ਗਵਾ ਲਿਆ ਹੈ।

ਤਨਹਾਈਆਂ ਦਾ ਆਲਮ ਦਿਲ ਤਾਂ ਵੀ ਬਹਿਲ ਜਾਏ
ਅੱਜ ਗਮ ਨੂੰ ਏਸੇ ਕਰਕੇ ਕੋਲ ਬਿਠਾ ਲਿਆ ਹੈ।

ਇਹ ਬੱਦਲਾਂ ਤੇ ਹਵਾ ਦੀ ਸਾਜਿਸ਼ ਦਾ ਹੈ ਨਤੀਜਾ
ਇਸ ਬਾਗ ਨੂੰ ਸੁਕਾਈਏ ਇਹ ਮਨ ਬਣਾ ਲਿਆ ਹੈ।

ਮੇਰੇ ਹੀ ਸ਼ਹਿਰ ਅੰਦਰ ਹੈ ਦਿਨ ਸਮੇਂ ਹਨੇਰਾ
ਇਹ ਕਿਹੜੇ ਦਾਨਵਾਂ ਨੇ ਸੂਰਜ ਨੂੰ ਖਾ ਲਿਆ ਹੈ।

ਉਠ ਕੇ ਤੁਰਨ ਦੀ ਜਲਦੀ ਹੁਣ ਕਰ ਲਵੋ ਤਿਆਰੀ
ਇਹ ਕਹਿ ਕੇ ਪੰਛੀਆਂ ਨੇ ਜਲਦੀ ਜਗਾ ਲਿਆ ਹੈ।

ਖਿੰਡਦੇ ਹੀ ਜਾ ਰਹੇ ਹਾਂ ਹਰ ਰੋਜ ਖਲਾਅ ਅੰਦਰ
ਆਪਣੇ ਲਈ ਆਸਮਾਂ ਤੇ ਇੱਕ ਘਰ ਬਣਾ ਲਿਆ ਹੈ।

Wednesday, July 1, 2009

ਗ਼ਜ਼ਲ

ਆਉਣ ਵਾਲੇ ਸਮੇਂ ਦੇ ਨਾਂ ਸਾਫ ਸੁਥਰੀ ਵਸੀਅਤ ਲਿਖਣਾ ।
ਭਰਨੀ ਹਾਮੀ ਸੱਚ ਦੀ ,ਝੂਠ ਨੂੰ ਸਦਾ ਲਾਅਨਤ ਲਿਖਣਾ ।

ਸਿੱਖ ਗਏ ਹੋ ਸ਼ਬਦਾਂ ਦੀ ਜਾਦੂਗਰੀ ਜੇਕਰ ਦੋਸਤੋ,
ਸਭ ਤੋਂ ਪਹਿਲਾਂ ਜਰੂਰ ਇੱਕ ਸ਼ਬਦ ਮੁਹੱਬਤ ਲਿਖਣਾ ।

ਝੱਖੜ ਝੰਬੇ ਰੁੰਡ ਮਰੁੰਡੇ ਅਤੇ ਔੜਾਂ ਮਾਰੇ ਜੋ ਖੜੇ ,
ਤਰਸ ਖਾਣਾ ਉਹਨਾ ਉਦਾਸ ਰੁੱਖਾਂ ਦੀ ਹਾਲਤ ਲਿਖਣਾ ।

ਸੜਕ ਤੇ ਕੱਟਦਾ ਰਿਹਾ ਰੋੜੀ ਭਾਵੇਂ ਉਮਰ ਜੋ ਸਾਰੀ ,
ਫਿਰ ਵੀ ਰਿਹਾ ਗਰੀਬ ਇਹ ਕਿਸਦੀ ਸ਼ਰਾਰਤ ਲਿਖਣਾ ।

ਚੋਣਾਂ ਸਮੇਂ ਹੱਥ ਜੋੜੇ ਫਿਰ ਲੁੱਟਾਂਗੇ ਪੂਰੇ ਪੰਜ ਸਾਲ ,
ਦਿਲ ਵਿੱਚ ਜੋ ਰਖਦਾ ਲੀਡਰਾਂ ਦੀ ਕੋਝੀ ਨੀਅਤ ਲਿਖਣਾ ।

ਇਹ ਜੋ ਉਸਰੇ ਪਏ ਹਰ ਮੋੜ ਤੇ ਭਵਨ ਅਤੇ ਕਾਰਖਾਨੇ ,
ਹਿੱਸਾ ਇਸ ਵਿੱਚ ਵੀ ਹੋਵੇ ਹਰ ਮਜ਼ਦੂਰ ਦੀ ਮਿਹਨਤ ਲਿਖਣਾ।

ਹਰ ਸ਼ਹਿਰ ਵਿੱਚ ਰਹਿੰਦੇ ਕੁਝ ਮੋਹਤਬਰ ਧਨਾਡ ਬੰਦੇ ,
ਐਵੇਂ ਨਾ ਹਰ ਚੀਜ਼ ਨੂੰ ਉਹਨਾਂ ਦੀ ਹੀ ਕਿਸਮਤ ਲਿਖਣਾ ।

ਲਿਖਦਾ ਰਿਹਾ ਨਾ ਕਰ ਕਿੱਸੇ ਸਿਰਫ ਕਾਗਜ਼ ਭਰਨ ਖਾਤਿਰ,
ਸਾਂਹਵੇਂ ਜੋ ਫੈਲਿਆ ਨਿਜ਼ਾਮ ਮਾੜਾ ਉਹ ਹਕੀਕਤ ਲਿਖਣਾ ।

ਜਿੱਥੇ ਪੌਣਾਂ ਉਦਾਸ ਵਗਦੀਆਂ ਫੁੱਲਾਂ ਨੂੰ ਲਗਦਾ ਸੇਕ ਜਿਹਾ,
ਦਿਲ ਨਹੀਂ ਮੰਨਦਾ ਅਜਿਹੀ ਧਰਤ ਨੂੰ ਜੰਨਤ ਲਿਖਣਾ ।