ਸਮੇਂ ਦਾ ਇਹ ਤਕਾਜ਼ਾ ਹੈ ਕਦੇ ਨਾ ਉਲਝਿਆ ਜਾਏ।
ਜੇ ਕੋਲੇ ਤਰਕ ਵੀ ਹੋਵੇ, ਕਦੇ ਨਾ ਬਹਿਸਿਆ ਜਾਏ।
ਕਿਤੇ ਸੋਕਾ, ਕਿਤੇ ਡੋਬਾ, ਕਿਤੇ ਬਾਰਿਸ਼, ਕਿਤੇ ਝੱਖੜ,
ਅਨੇਕਾਂ ਰੰਗ ਕੁਦਰਤ ਦੇ ਹਮੇਸ਼ਾ ਸਮਝਿਆ ਜਾਏ।
ਸਦਾ ਇੱਕੋ ਜਿਹਾ ਰਹਿੰਦਾ ਨਹੀਂ ਮੌਸਮ ਬਹਾਰਾਂ ਦਾ,
ਨਾ ਬਹੁਤਾ ਹੱਸਿਆ ਜਾਏ ਨਾ ਐਵੇਂ ਕਲਪਿਆ ਜਾਏ।
ਜਦੋਂ ਸਮਝੇ ਨਾ ਸਾਹਵੇਂ ਬੈਠ ਉਹ ਭਾਸ਼ਾ ਸਲੀਕੇ ਦੀ,
ਜੋ ਚਾਹੁੰਦਾ ਹੈ ਜਿਵੇਂ ਕੋਈ ਉਵੇਂ ਹੀ ਵਰਤਿਆ ਜਾਏ।
ਪਸਾਰੋ ਪੈਰ ਓਨੇ ਹੀ ਲੰਬਾਈ ਦੇਖ ਚਾਦਰ ਦੀ,
ਹੈ ਜਿੰਨਾ ਜੇਬ ਵਿੱਚ ਪੈਸਾ ਕਿ ਓਨਾ ਖਰਚਿਆ ਜਾਏ।
ਕਈ ਦੁਸ਼ਮਣ ਵੀ ਵੇਲੇ ਲੋੜ ਦੇ ਆ ਢਾਲ਼ ਬਣ ਜਾਵਣ,
ਕਮੀਨੇ ਦੋਸਤਾਂ ਨੂੰ ਵੀ ਓਦੋਂ ਤਾਂ ਪਰਖਿਆ ਜਾਏ।
ਕਦੇ ਮਰਨੋ ਨਹੀਂ ਡਰਨਾ ਸਬਕ ਇਹ ਸਿੱਖਣਾ ਪੈਣਾ,
ਕਦੇ ਨਾਹੀਂ ਅਸੂਲਾਂ ਤੋਂ ਥਿੜਕਿਆ ਭਟਕਿਆ ਜਾਏ।
ਮਨੁੱਖੀ ਕੀਮਤਾਂ ਕਦਰਾਂ ਹਮੇਸ਼ਾ ਸਾਂਭ ਕੇ ਰੱਖਿਓ,
ਕਿਤੇ ਵੀ ਲਾਲਸਾ ਅੰਦਰ ਕਦੇ ਨਾ ਗਰਕਿਆ ਜਾਏ।
ਇਹ ਸੁੱਖ- ਦੁੱਖ ਜੋ ਜ਼ਮਾਨੇ ਦੇ ਭੁਲੇਖਾ ਹੈ ਛਲਾਵਾ ਹੈ,
ਕਿ ਵੇਲਾ ਆ ਗਿਐ 'ਬਲਜੀਤ' ਘਰ ਨੂੰ ਪਰਤਿਆ ਜਾਏ।
(ਬਲਜੀਤ ਪਾਲ ਸਿੰਘ)