Tuesday, June 25, 2024

ਗ਼ਜ਼ਲ

ਗ਼ਜ਼ਲ ਮੈਂ ਜੋ ਲਿਖੀ ਹੈ.. ਓਸਦਾ ਵਿਸਥਾਰ ਦਸਦਾ ਹਾਂ। 

ਮੈਂ ਦਿਲ ਉੱਤੇ ਮਣਾਂ ਮੂੰਹੀਂ ਪਿਆ ਇੱਕ ਭਾਰ ਦਸਦਾ ਹਾਂ। 


ਲਕੀਰਾਂ ਵਾਹ ਕੇ ਬੱਚੇ ਖੱਡਾ ਖੱਡੀ ਖੇਡਦੇ ਭਾਵੇਂ, 

ਕਿ ਕੰਧਾਂ ਜਿਹੜੀਆਂ ਨੇ ਰਿਸ਼ਤਿਆਂ ਵਿਚਕਾਰ ਦਸਦਾ ਹਾਂ। 


ਖਤਾਨਾਂ ਵਿੱਚ ਉੱਗੇ ਰੁੱਖ ਦੀ ਮੈਂ ਦਾਸਤਾਂ ਕਹਿਣੀ,

ਵਤੀਰਾ ਚੁਲ੍ਹਿਆਂ ਦੀ ਅੱਗ ਦਾ ਸਰਕਾਰ ਦਸਦਾ ਹਾਂ। 


ਘੜਾ ਤੇਰਾ ਇਹ ਪਾਪਾਂ ਦਾ ਹੈ ਏਨਾ ਭਰ ਗਿਆ ਹਾਕਮ,

ਕਿ ਮੈਨੂੰ ਡਰ ਨਹੀਂ ਤੇਰਾ ਸ਼ਰੇ ਬਾਜ਼ਾਰ ਦਸਦਾ ਹਾਂ। 


ਘਰਾਂ ਵਿੱਚ ਪਲਦੀਆਂ ਪਈਆਂ ਨੇ ਭਾਵੇਂ ਕਿਰਲੀਆਂ ਏਥੇ,

ਕਿ ਮੈਂ ਪਰਵਾਸ ਕਾਰਨ ਉਜੜੇ ਪਰਿਵਾਰ ਦਸਦਾ ਹਾਂ।


ਬੜਾ ਬੇ-ਆਬਰੂ ਹੋਇਆ ਹਾਂ ਗਲੀਆਂ ਤੇਰੀਆਂ ਅੰਦਰ, 

ਮੈਂ ਤਾਂ ਫਿਰ ਵੀ ਤੇਰਾ ਅਦਬ ਤੇ ਸਤਿਕਾਰ ਦਸਦਾ ਹਾਂ। 


ਹਜ਼ਾਰਾਂ ਵਾਰ ਭਾਵੇਂ ਬੇਵਕਤ ਡਰ ਮੌਤ ਦਾ ਆਵੇ,

ਹਰਿਕ ਵਾਰੀ ਤੇਰੀ ਹਸਤੀ ਤੇ ਮੈਂ ਅਧਿਕਾਰ ਦਸਦਾ ਹਾਂ।


ਕਟਾਰਾਂ ਤਿੱਖੀਆਂ ਕਰਕੇ ਜੋ ਬੈਠੇ ਮਕਤਲਾਂ ਅੰਦਰ,

ਸਿਰਾਂ ਦੇ ਕਤਲ ਤੋਂ ਪਹਿਲਾਂ ਹੋਈ ਤਕਰਾਰ ਦਸਦਾ ਹਾਂ।


ਬਿਮਾਰੀ ਨਾਲ ਮਰਨਾ ਇਹ ਕਦੇ ਨਹੀਂ ਸੋਚਿਆ ਹੋਣਾ, 

ਅਸੀਂ ਲੜਨਾ ਹੈ ਹੱਕਾਂ ਲਈ ਸੁਣੋ ਲਲਕਾਰ ਦਸਦਾ ਹਾਂ।

(ਬਲਜੀਤ ਪਾਲ ਸਿੰਘ)

ਗ਼ਜ਼ਲ


ਅੱਜ-ਕੱਲ੍ਹ ਨਾ ਫੁੱਲਾਂ ਉੱਤੇ ਬਹਿੰਦੀਆਂ ਨੇ ਤਿਤਲੀਆਂ। 

ਭਾਵੇਂ ਸੋਚਾਂ ਵਿੱਚ ਹਰ ਦਮ ਰਹਿੰਦੀਆਂ ਨੇ ਤਿਤਲੀਆਂ। 


ਏਥੇ ਸੋਕਾ ਪੈ ਗਿਆ ਹੈ ਸਭ ਪਰਿੰਦੇ ਉਡ ਗਏ ਹੁਣ, 

ਤਾਂ ਹੀ ਸੋਗੀ ਗੀਤ ਏਥੇ ਕਹਿੰਦੀਆਂ ਨੇ ਤਿਤਲੀਆਂ।


ਸਾਰਿਆਂ ਨੂੰ ਸਬਕ ਇਸ ਤਰ੍ਹਾਂ ਦਾ ਮੌਸਮ ਦੇ ਗਿਆ,

ਗਰਮੀਆਂ ਤੇ ਸਰਦੀਆਂ ਵੀ ਸਹਿੰਦੀਆਂ ਨੇ ਤਿਤਲੀਆਂ।


ਖੌਰੇ ਸਾਡੇ ਸ਼ਹਿਰ ਅੰਦਰ ਸ਼ੋਰ ਬਹੁਤਾ ਹੋ ਰਿਹਾ ਹੈ,

ਏਸੇ ਲਈ ਅਸਮਾਨ ਤੋਂ ਨਾ ਲਹਿੰਦੀਆਂ ਨੇ ਤਿਤਲੀਆਂ।


ਕੀ ਕੀ ਜ਼ਹਿਰਾਂ ਤੇ ਰਸਾਇਣਾਂ ਛਿੜਕੀਆਂ ਇਨਸਾਨ ਨੇ, 

ਸਾਡੇ ਸਾਹਵੇਂ ਡਿਗਦੀਆਂ ਤੇ ਢਹਿੰਦੀਆਂ ਨੇ ਤਿਤਲੀਆਂ।

(ਬਲਜੀਤ ਪਾਲ ਸਿੰਘ)




Sunday, June 9, 2024

ਗ਼ਜ਼ਲ

ਹਸਤੀ ਅਜੀਬ ਮੇਰੀ ਵੱਖਰਾ ਹਿਸਾਬ ਮੇਰਾ।
ਰਸਤਾ ਨਹੀਂ ਹੈ ਬਹੁਤਾ ਸੌਖਾ ਜਨਾਬ ਮੇਰਾ।
 
ਜਚਦਾ ਨਹੀਂ ਹੈ ਮੇਰਾ ਇਹ ਸੁੰਨ ਮੌਣ ਮੈਨੂੰ, 
ਚਿੱਠਾ ਇਹ ਖੋਲ੍ਹ ਦਿੰਦੀ ਖੁੱਲੀ ਕਿਤਾਬ ਮੇਰਾ।

ਬਣ ਕੇ ਬੇਕਿਰਕ ਹਾਕਮ ਮੈਨੂੰ ਡਰਾ ਨਾ ਐਵੇਂ, 
ਹੁਣ ਮੈਂ ਕਰਾਂਗਾ ਵਾਪਸ ਤੈਨੂੰ ਖਿਤਾਬ ਮੇਰਾ ।

ਸਤਲੁਜ ਬਿਆਸ ਰਾਵੀ ਆਏ ਨੇ ਮੇਰੇ ਹਿੱਸੇ,
ਮੈਂ ਲੋਚਦਾ ਹਾਂ ਹੁੰਦਾ ਜਿਹਲਮ ਚਨਾਬ ਮੇਰਾ।

ਚੜ੍ਹਦਾ ਤੇ ਲਹਿੰਦਾ ਐਵੇਂ ਆਖੋ ਕਦੇ ਨਾ ਮੈਨੂੰ ,
ਉਹ ਵੀ ਪੰਜਾਬ ਮੇਰਾ ਇਹ ਵੀ ਪੰਜਾਬ ਮੇਰਾ।

ਪਹਿਲਾਂ ਜੋ ਬਾਰਿਸ਼ਾਂ ਨੇ ਕੀਤੀ ਸੀ ਬੇਵਫ਼ਾਈ,
ਕਣੀਆਂ ਦੇ ਨਾਲ ਭਰਿਆ ਲੇਕਿਨ ਤਲਾਬ ਮੇਰਾ।
 
ਸਰਕਾਰ ਆਖਦੀ ਹੈ ਉਸਤਤਿ ਲਿਖਾਂ ਮੈਂ ਉਸਦੀ,
ਮਰਜ਼ੀ ਦਾ ਪਰ ਮੈਂ ਲਿਖਣਾ  ਕੋਰਾ ਜਵਾਬ ਮੇਰਾ। 
(ਬਲਜੀਤ ਪਾਲ ਸਿੰਘ)

Saturday, June 1, 2024

ਗ਼ਜ਼ਲ

ਸਹਿਮੀ ਹੋਈ ਸਿਸਕਦੀ ਆਵਾਜ਼ ਸੁਣ ਰਿਹਾ ਹਾਂ। 

ਫੜਫੜਾਉਂਦੇ ਖੰਭਾਂ ਦੀ ਪਰਵਾਜ਼ ਸੁਣ ਰਿਹਾ ਹਾਂ।

 

ਸੰਦਲੀ ਪੌਣਾਂ ਵੀ ਏਥੋਂ ਗੁਜ਼ਰ ਕੇ ਗਈਆਂ ਕਿਤੇ,

ਸ਼ੋਰ ਵਰਗਾ ਬੇਸੁਰਾ ਇੱਕ ਸਾਜ਼ ਸੁਣ ਰਿਹਾ ਹਾਂ।


ਦੋਸਤੀ ਨੂੰ ਮਾਣੀਏ, ਨਾ ਕਿ ਦੋਸਤੀ ਨੂੰ ਪਰਖੀਏ, 

ਮਸ਼ਵਰੇ ਜੋ ਦੇ ਰਿਹੈਂ ਹਮਰਾਜ਼ ਸੁਣ ਰਿਹਾ ਹਾਂ।


ਟੂਣੇਹਾਰੇ ਸ਼ਬਦਾਂ ਦੀ ਟੁਣਕਾਰ ਵੀ ਸੁਣਦੀ ਨਹੀਂ, 

ਗੀਤ ਸੋਗੀ ਹੀ ਤੇਰੇ ਦਿਲਰਾਜ਼ ਸੁਣ ਰਿਹਾ ਹਾਂ। 


ਏਸੇ ਹੀ ਉਮੀਦ ਅੰਦਰ ਜੀ ਰਿਹਾਂ ਇਹਨੀਂ ਦਿਨੀਂ,

ਸ਼ਾਇਦ ਬਣੇ ਸੰਗੀਤ ਇੱਕ ਰਿਆਜ਼ ਸੁਣ ਰਿਹਾ ਹਾਂ। 

(ਬਲਜੀਤ ਪਾਲ ਸਿੰਘ)