Sunday, January 21, 2024

ਗ਼ਜ਼ਲ

ਰੱਬ ਸੁਰਖੁਰੂ ਹੋਇਆ ਉਸਨੇ ਧਰਤੀ ਉੱਤੇ ਮਾਵਾਂ ਘੱਲੀਆਂ 

ਮਮਤਾ ਮੂਰਤ ਸਾਬਤ ਘੜ ਕੇ ਠੰਢੀਆਂ ਮਿੱਠੀਆਂ ਛਾਵਾਂ ਘੱਲੀਆਂ 


ਆਏ ਰੰਗ ਬਰੰਗੇ ਬੰਦੇ ਕਰਦੇ ਆਪੋ ਆਪਣੇ ਧੰਦੇ 

ਸ਼ੀਤਲ ਹਿਰਦੇ ਕਲਮਾਂ ਵਾਲੇ ਗ਼ਜ਼ਲਾਂ ਤੇ ਕਵਿਤਾਵਾਂ ਘੱਲੀਆਂ 


ਜਿਹੜੇ ਭਾਅ ਵੀ ਮਿਲੇ ਮੁਹੱਬਤ ਉਹ ਨਹੀਂ ਘਾਟੇਵੰਦਾ ਸੌਦਾ 

ਸੱਜਣ ਬੇਲੀ ਮਿਲਦੇ ਜੁਲਦੇ ਹਰੀਆਂ ਭਰੀਆਂ ਰਾਹਵਾਂ ਘੱਲੀਆਂ 


ਰਿਸ਼ਤੇ ਨਾਤੇ ਤੰਦਾਂ ਆਈਆਂ ਰੀਤਾਂ ਰਸਮਾਂ ਡੋਰੇ ਪਾਏ 

ਤਾਏ ਚਾਚੇ ਭੂਆ ਭੈਣਾਂ ਭਾਈ ਘੱਲੇ ਬਾਹਵਾਂ ਘੱਲੀਆਂ


ਝੱਖੜ 'ਨ੍ਹੇਰੀ ਪਤਝੜ ਆਈ ਮਿੱਠੀਆਂ ਮਿੱਠੀਆਂ ਪੈਣ ਫੁਹਾਰਾਂ 

ਗਰਮੀ ਸਰਦੀ ਦੀ ਰੁੱਤ ਆਈ ਨਾਲੇ ਸਾਉਣ ਘਟਾਵਾਂ ਘੱਲੀਆਂ 


ਰੀਝਾਂ ਸੁਫ਼ਨੇ ਖ਼ਾਮ ਖ਼ਿਆਲੀ ਚਰਚਾ ਕਰਦੀ ਖ਼ਲਕਤ ਸਾਰੀ 

ਸੋਨੇ ਚਾਂਦੀ ਰੰਗੇ ਪੰਨੇ ਕਰਕੇ ਪਰੀ ਕਥਾਵਾਂ ਘੱਲੀਆਂ


ਤਪਦੀ ਉਮਰੇ ਔਖਾ ਹੋਵੇਗਾ ਇਹ ਨਾਜ਼ੁਕ ਦਿਲ ਦਾ ਮਾਲਕ 

ਤਾਹੀਂ ਤਾਂ ਬਲਜੀਤ ਲਈ ਉਸ ਕੂਲੀਆਂ ਕੂਲੀਆਂ 'ਵਾਵਾਂ ਘੱਲੀਆਂ 

(ਬਲਜੀਤ ਪਾਲ ਸਿੰਘ)

Tuesday, January 9, 2024

ਗ਼ਜ਼ਲ

 ਸਾਰਾ ਦਿਨ ਮੈਂ ਕਿਵੇਂ ਲੰਘਾਵਾਂ, ਕੋਈ ਨਾ ਜਾਣੇ 

ਏਧਰ ਓਧਰ ਵਕਤ ਟਪਾਵਾਂ, ਕੋਈ ਨਾ ਜਾਣੇ 


ਗੱਲੀਂ ਬਾਤੀਂ ਮੇਰੇ ਜੋ ਹਮਦਰਦ ਬਣੇ ਹਨ 

ਓਹਨਾ ਦੇ ਵੀ ਰਾਜ਼ ਸੁਣਾਵਾਂ, ਕੋਈ ਨਾ ਜਾਣੇ 


ਫੁੱਲਾਂ ਨੇ ਖਿੜ੍ਹਨਾ, ਪੱਕਣਾ,ਕਿਰ ਜਾਣਾ ਹੁੰਦਾ 

ਰੁੱਤਾਂ ਦੇ ਉਹ ਦਰਦ ਗਿਣਾਵਾਂ, ਕੋਈ ਨਾ ਜਾਣੇ 


ਆਸੇ ਪਾਸੇ ਵੀ ਮਹਿਬੂਬ ਜਹੇ ਬੰਦੇ ਹੁੰਦੇ ਨੇ 

ਆਓ ਜਾਣ ਪਛਾਣ ਕਰਾਵਾਂ, ਕੋਈ ਨਾ ਜਾਣੇ 


ਮੁੱਠੀ ਵਿੱਚੋਂ ਕਿਰ ਜਾਂਦੀ ਉਹ ਰੇਤਾ ਵਾਂਗੂੰ 

ਜਦ ਵੀ ਕੋਈ ਬਣਤ ਬਣਾਵਾਂ, ਕੋਈ ਨਾ ਜਾਣੇ 


ਸੁਰਗ ਨਰਕ ਹੁੰਦਾ ਹੈ ਜਾਂ ਫਿਰ ਇੱਕ ਛਲਾਵਾ

ਸਭ ਨੂੰ ਐਵੇਂ ਰੋਜ ਡਰਾਵਾਂ, ਕੋਈ ਨਾ ਜਾਣੇ 


ਜੰਗਲ ਦੇ ਵਿੱਚ ਬਿਰਖ ਇਕੱਲਾ ਵੀ ਨਾ ਹੋਵੇ 

ਚੜ੍ਹਤਾਂ ਹੁੰਦੀਆਂ ਨਾਲ ਭਰਾਵਾਂ, ਕੋਈ ਨਾ ਜਾਣੇ 

(ਬਲਜੀਤ ਪਾਲ ਸਿੰਘ)