Saturday, May 22, 2021

ਗ਼ਜ਼ਲ


ਉਹ ਸੁਨਹਿਰੀ ਸੁਪਨਿਆਂ ਦੀ ਕਤਲਗਾਹ ਹੋ ਜਾਏਗਾ

ਕੀ ਪਤਾ ਸੀ ਰਸਤਿਆਂ ਵਿੱਚ ਸਭ ਤਬਾਹ ਹੋ ਜਾਏਗਾ


ਉਮਰ ਲੰਘੀ ਹਰ ਘੜੀ ਭਾਲ ਜਿਸਦੀ ਕਰਦਿਆਂ

ਸੋਚਿਆ ਨਾ ਸੀ ਮੇਰਾ ਸੂਰਜ ਸਿਆਹ ਹੋ ਜਾਏਗਾ


ਜਿੰਦਗੀ ਦੇ ਪੰਧ ਵਿੱਚ ਭਾਵੇਂ ਨੇ ਘੁੰਮਣਘੇਰੀਆਂ

ਆਸ ਹੈ ਕਿ ਹੌਸਲਾ ਮੇਰਾ ਮਲਾਹ ਹੋ ਜਾਏਗਾ


ਮੀਸਣਾ ਜੋ ਸ਼ਖ਼ਸ ਮੇਰੇ ਨਾਲ ਸੀ ਤੁਰਦਾ ਪਿਆ

ਇਲਮ ਨਾ ਸੀ ਕਿ ਉਹ ਕਾਤਿਲ ਦਾ ਗਵਾਹ ਹੋ ਜਾਏਗਾ


ਬਾਗ ਦੀ ਮਹਿਕੀ ਫਿਜ਼ਾ ਸਭ ਡਾਲੀਆਂ ਤੇ ਹੁਸਨ ਹੈ

ਮਾਲੀਆਂ ਦੀ ਚਾਲ ਹੈ ਕਿ ਸਭ ਫ਼ਨਾਹ ਹੋ ਜਾਏਗਾ


(ਬਲਜੀਤ ਪਾਲ ਸਿੰਘ਼)

Friday, May 7, 2021

ਗ਼ਜ਼ਲ


ਲੋਕੀਂ ਓਥੇ ਘੁਗ ਵਸਦੇ ਨੇ ਚੰਗੀ ਜੇ ਸਰਕਾਰ ਮਿਲੇ ਤਾਂ

ਸਾਰੇ ਮਸਲੇ ਹੱਲ ਹੋ ਸਕਦੇ ਵਿਹਲਿਆਂ ਨੂੰ ਰੁਜ਼ਗਾਰ ਮਿਲੇ ਤਾਂ


ਲੋਹਾ ਹੋਵੇ ਅਤੇ ਹਥੌੜਾ ਅੱਗ ਅਤੇ ਭੱਠੀ ਵੀ ਹੋਵੇ

ਓਦੋਂ ਹੀ ਸੰਦ ਚੰਗਾ ਬਣਦਾ ਚੰਗਾ ਅਗਰ ਲੁਹਾਰ ਮਿਲੇ ਤਾਂ


ਰਾਹਾਂ ਉੱਤੇ ਤੁਰ ਪੈਂਦੇ ਨੇ ਬੰਨ ਤਿਆਰੀ ਕੲੀ ਮੁਸਾਫ਼ਿਰ

ਲੇਕਿਨ ਪੰਧ ਸੁਹਾਨਾ ਹੋਵੇ ਰਾਹਾਂ ਵਿੱਚ ਦਿਲਦਾਰ ਮਿਲੇ ਤਾਂ


ਸ਼ੋਰ ਸ਼ਰਾਬਾ ਪਾਈ ਜਾਂਦੀ ਐਵੇਂ ਦੁਨੀਆ ਤਾਲੋਂ ਖੁੰਝੀ

ਤੂੰਬਾ ਵੀ ਤਦ ਸੁਰ ਵਿੱਚ ਵੱਜਦਾ ਚੱਜ ਦੀ ਕੋਈ ਤਾਰ ਮਿਲੇ ਤਾਂ


ਵਤਨੋਂ ਦੂਰ ਤੁਰੇ ਜਾਂਦੇ ਨੇ ਕਾਹਤੋਂ ਗੱਭਰੂ ਤੇ ਮੁਟਿਆਰਾਂ

ਕਿਹੜਾ ਬੰਦਾ ਘਰ ਛੱਡਦਾ ਹੈ ਏਥੇ ਜੇ ਸਤਿਕਾਰ ਮਿਲੇ ਤਾਂ


ਠੂੰਹੇਂ ਸੱਪਾਂ ਤੋਂ ਵੀ ਵਧ ਕੇ ਹੋਇਆ ਫਿਰਦਾ ਜ਼ਹਿਰੀ ਬੰਦਾ

ਕਰੀਏ ਓਹਦੇ ਨਾਲ ਦੋਸਤੀ ਉੱਤਮ ਜੇ ਕਿਰਦਾਰ ਮਿਲੇ ਤਾਂ


ਕੋਠੀ, ਬੰਗਲਾ,ਮਹਿਲ, ਮੁਨਾਰੇ ਭਾਵੇਂ ਬਹੁਤੇ ਉਚੇ ਲੱਗਣ

ਘਰ ਓਦੋਂ ਹੀ ਘਰ ਬਣਦਾ ਹੈ ਘਰ ਨੂੰ ਜੇ ਪ੍ਰੀਵਾਰ ਮਿਲੇ ਤਾਂ


ਸਾਡੀ ਸੋਚ ਦੇ ਸਾਰੇ ਸ਼ਸਤਰ ਅਜੇ ਤਾਂ ਖੁੰਢੇ ਅਤੇ ਜੰਗਾਲੇ 

ਸ਼ੁਰੂ ਕਰਾਂਗੇ ਫੇਰ ਬਗਾਵਤ ਤਿੱਖੀ ਜਹੀ ਤਲਵਾਰ ਮਿਲੇ ਤਾਂ


ਹੋਂਦ ਆਪਣੀ ਖਾਤਰ ਕੌਮਾਂ ਯੁੱਧ ਲੜਦੀਆਂ ਸੁਣਦੇ ਆਏ

ਕੌਮ ਅੰਤ ਨੂੰ ਤਾਂ ਜਿਤੇਗੀ ਜੇ ਝੰਡਾ ਬਰਦਾਰ ਮਿਲੇ ਤਾਂ

(ਬਲਜੀਤ ਪਾਲ ਸਿੰਘ਼)


Wednesday, May 5, 2021

ਗ਼ਜ਼ਲ


ਪੱਤਝੜ ਰੁੱਤੇ ਪੱਤ ਵਿਹੂਣੇ ਰੁੱਖਾਂ ਦੀ ਕੁਰਬਾਨੀ ਦੇਖੋ
ਫੇਰ ਬਹਾਰਾਂ ਦੇ ਲਈ ਕਰਦੇ ਜੋ ਕੋਸ਼ਿਸ਼ ਲਾਸਾਨੀ ਦੇਖੋ

ਮਿੱਟੀ ਨਾਲੋਂ ਤੋੜੇ ਲੋਕੀਂ ਏਨੀ ਵੱਡੀ ਸਾਜ਼ਿਸ਼ ਕੀਤੀ
ਗੋਲ ਇਮਾਰਤ ਅੰਦਰ ਬੈਠੇ ਠੱਗਾਂ ਦੀ ਮਨਮਾਨੀ ਦੇਖੋ

ਘੁੱਗੀਆਂ ਅਤੇ ਕਬੂਤਰ ਚਿੜੀਆਂ ਦੇ ਬੋਟਾਂ ਦੀ ਖੈਰ ਮਨਾਓ
ਜੋ ਰਾਜੇ ਦੀ ਚੂਰੀ ਖਾਂਦਾ ਤੋਤੇ ਦੇ ਗਲ ਗਾਨੀ ਦੇਖੋ

ਕਰ ਚੁੱਕੇ ਨੇ ਜੀ ਹਜ਼ੂਰੀ ਰਾਜੇ ਦੇ ਦਰਬਾਰ ਬਥੇਰੀ
ਲੋਕਾਂ ਖਾਤਰ ਨਹੀਓਂ ਲਿਖਦੀ ਕੁਝ ਕਵੀਆਂ ਦੀ ਕਾਨੀ ਦੇਖੋ

ਉੱਲੂਆਂ ਤੇ ਚਮਗਿੱਦੜਾਂ ਕਬਜ਼ਾ ਬਾਗ਼ ਦੇ ਉੱਤੇ ਏਦਾਂ ਕੀਤਾ
ਮਾਲੀਆਂ ਹੀ ਖੁਦ ਵਾੜ ਉਖਾੜੀ ਕੈਸੀ ਕਾਰਸ਼ਤਾਨੀ ਦੇਖੋ
(ਬਲਜੀਤ ਪਾਲ ਸਿੰਘ)

Monday, May 3, 2021

ਗ਼ਜ਼ਲ


ਬੜਾ ਹੀ ਬੇ-ਧਿਆਨਾ ਹੋ ਗਿਆ ਹਾਂ

ਕਿ ਰੁੱਤਾਂ ਦਾ ਦਿਵਾਨਾ ਹੋ ਗਿਆ ਹਾਂ


ਕਦੇ ਦੁਨੀਆ ਬੜੀ ਇਹ ਮੋਹ ਭਰੀ ਸੀ

ਮੈਂ ਖੁਦ ਕੋਲੋਂ ਬਿਗਾਨਾ ਹੋ ਗਿਆ ਹਾਂ


ਸਮੇਂ ਦੇ ਝੱਖੜਾਂ ਨੇ ਝੰਬਿਆ ਹੈ

ਬਿਨਾਂ ਸੁਰ ਤੋਂ ਤਰਾਨਾ ਹੋ ਗਿਆ ਹਾਂ


ਘਰੋਂ ਤੁਰਿਆ ਸਾਂ ਕਿ ਮੰਜ਼ਿਲ ਮਿਲੇਗੀ

ਮੈਂ ਔਝੜ ਰਾਹ ਰਵਾਨਾ ਹੋ ਗਿਆ ਹਾਂ


ਉਡੀਕੀ ਜਾ ਰਿਹਾਂ ਹਾਂ ਬੱਦਲ਼ੀਆਂ ਨੂੰ

ਬੜਾ ਜਰਖੇਜ ਸੀ ਬਰਾਨਾ ਹੋ ਗਿਆ ਹਾਂ

(ਬਲਜੀਤ ਪਾਲ ਸਿੰਘ)